![](https://parvasinewspaper.com/wp-content/uploads/2020/08/5-1-300x214.jpg)
ਨਰਿੰਦਰ ਮੋਦੀ ਸਰਕਾਰ ਨੇ 50 ਲੱਖ ਡੋਜ਼ ਦਾ ਪਹਿਲਾ ਆਰਡਰ ਦੇਣ ਦੀ ਕੀਤੀ ਤਿਆਰੀ
ਭਾਰਤ ‘ਚ ਕਰੋਨਾ ਮਰੀਜ਼ਾਂ ਦਾ ਅੰਕੜਾ 30 ਲੱਖ ਵੱਲ ਨੂੰ ਵਧਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਵੈਕਸੀਨ ਬਣਾਉਣ ਦੀ ਦੌੜ ਵਿਚ ਹਰ ਰੋਜ਼ ਨਵਾਂ ਸੁਣਨ ਨੂੰ ਮਿਲ ਰਿਹਾ ਹੈ। ਭਾਰਤ ਨੇ ਵੀ ਇਸ ਦਿਸ਼ਾ ਵਿਚ ਆਪਣੀ ਸਪੀਡ ਵਧਾ ਦਿੱਤੀ ਹੈ। ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਕਿ ਭਾਰਤ ਬਾਇਓਟੈਕ ਅਤੇ ਆਈ.ਸੀ.ਐਮ.ਆਰ. ਦੀ ਕੋਵੈਕਸੀਨ ਇਸੇ ਸਾਲ ਦੇ ਅੰਤ ਤੱਕ ਬਜ਼ਾਰ ਵਿਚ ਆ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਕੋਵੈਕਸੀਨ ਦੀ 50 ਲੱਖ ਡੋਜ਼ ਦਾ ਪਹਿਲਾ ਆਰਡਰ ਦੇਣ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਹੈਲਥ ਵਰਕਰ ਅਤੇ ਸੁਰੱਖਿਆ ਬਲਾਂ ਨੂੰ ਇਹ ਵੈਕਸੀਨ ਉਪਲਬਧ ਕਰਵਾਈ ਜਾਵੇਗੀ। ਇਸਦੇ ਚੱਲਦਿਆਂ ਭਾਰਤ ਵਿਚ ਕਰੋਨਾ ਮਰੀਜ਼ਾਂ ਦਾ ਅੰਕੜਾ 30 ਲੱਖ ਵੱਲ ਨੂੰ ਵਧਦਿਆਂ 29 ਲੱਖ 10 ਹਜ਼ਾਰ ਤੋਂ ਪਾਰ ਹੋ ਗਿਆ। ਲੰਘੇ 24 ਘੰਟਿਆਂ ਦੌਰਾਨ ਵੀ ਦੇਸ਼ ਵਿਚ 68 ਹਜ਼ਾਰ ਤੋਂ ਜ਼ਿਆਦਾ ਕਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 62 ਹਜ਼ਾਰ ਦੇ ਕਰੀਬ ਸਿਹਤਯਾਬ ਵੀ ਹੋਏ। ਭਾਰਤ ਵਿਚ ਹੁਣ ਤੱਕ 22 ਲੱਖ ਦੇ ਕਰੀਬ ਕਰੋਨਾ ਮਰੀਜ਼ ਤੰਦਰੁਸਤ ਹੋ ਚੁੱਕੇ ਹਨ ਅਤੇ 55 ਹਜ਼ਾਰ ਤੋਂ ਜ਼ਿਆਦਾ ਮੌਤਾਂ ਵੀ ਹੋ ਗਈਆਂ ਹਨ। ਉਧਰ ਦੂਜੇ ਪਾਸੇ ਸੰਸਾਰ ਭਰ ਵਿਚ ਕਰੋਨਾ ਪੀੜਤਾਂ ਦੀ ਗਿਣਤੀ 2 ਕਰੋੜ 29 ਲੱਖ ਤੱਕ ਅੱਪੜ ਗਈ ਹੈ ਅਤੇ 1 ਕਰੋੜ 55 ਲੱਖ ਤੋਂ ਜ਼ਿਆਦਾ ਕਰੋਨਾ ਪੀੜਤ ਸਿਹਤਯਾਬ ਵੀ ਹੋ ਚੁੱਕੇ ਹਨ। ਧਿਆਨ ਰਹੇ ਕਿ ਦੁਨੀਆ ਭਰ ਵਿਚ ਹੁਣ ਤੱਕ ਕਰੋਨਾ ਕਰਕੇ 8 ਲੱਖ ਦੇ ਕਰੀਬ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।