ਬਰੈਂਪਅਨ/ਹਰਜੀਤ ਬੇਦੀ : ਨਾਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਅਤੇ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ 14 ਅਪਰੈਲ ਨੂੰ ਸਾਂਝੇ ਤੌਰ ‘ਤੇ ਚਿੰਕੂਜੀ ਸਕੂਲ ਬਰੈਂਪਟਨ ਵਿੱਚ ਕਰਵਾਏ ਗਏ ਜਲ੍ਹਿਆਂਵਾਲਾ ਬਾਗ ਕਾਂਡ ਸ਼ਤਾਬਦੀ ਸਮਾਰੋਹ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ।
ਇਸ ਪ੍ਰੋਗਰਾਮ ਵਿੱਚ ਹਰ ਉਮਰ ਅਤੇ ਵਰਗ ਦੇ ਲੋਕ ਜਲ੍ਹਿਆਂਵਾਲਾ ਬਾਗ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਪ੍ਰੋਗਰਾਮ ਇੰਨਾ ਉੱਚ ਪਾਏ ਦਾ ਸੀ ਕਿ ਲੋਕਾਂ ਦੁਆਰਾ ਇਸ ਨੂੰ ਬਹੁਤ ਸਲਾਹਿਆ ਗਿਆ। ਪ੍ਰੋਗਰਾਮ ਵਿੱਚ ਸ਼ਾਮਲ ਹੋਏ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਅੱਜ ਸੰਸਾਰ ਪੱਧਰ ‘ਤੇ ਸਮਾਜਿਕ ਅਤੇ ਰਾਜਨੀਤਕ ਤੌਰ ‘ਤੇ ਲੋਕ-ਮਾਰੂ ਹਾਲਾਤ ਬਣ ਰਹੇ ਹਨ। ਰੰਗ, ਧਰਮ, ਨਸਲ, ਕੌਮ, ਦੇਸ਼ ਅਤੇ ਲਿੰਗ ਆਧਾਰਤ ਨਫਰਤ ਤੇ ਹਿੰਸਾ ਫੈਲਾਈ ਜਾ ਰਹੀ ਹੈ। ਸਰਮਾਇਆ ਅਤੇ ਹਥਿਆਰ ਇਕੱਠੇ ਕਰਨ ਦੀ ਦੌੜ ਲੱਗੀ ਹੋਈ ਹੈ। ਇਸ ਤਰ੍ਹਾਂ ਦੇ ਬਣ ਰਹੇ ਮਾਹੌਲ ਨੂੰ ਚੇਤਨ ਹੋ ਕੇ ਹੀ ਰੋਕ ਲਾਈ ਜਾ ਸਕਦੀ ਹੈ ਅਤੇ ਲੋਕ ਪੱਖੀ ਮਾਹੌਲ ਸਿਰਜਣ ਵੱਲ ਵਧਿਆ ਜਾ ਸਕਦਾ ਹੈ। ਲੋਕਾਂ ਨੂੰ ਚੇਤਨ ਕਰਨ ਲਈ ਅਜਿਹਾ ਪ੍ਰੋਗਰਾਮ ਪੇਸ਼ ਕਰਨ ਦੀ ਸ਼ਲਾਘਾ ਕੀਤੀ।
ਬਲਦੇਵ ਰਹਿਪਾ ਨੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਸਟੇਜ ਦੀ ਕਾਰਵਾਈ ਸੰਭਾਲਦਿਆਂ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕਰ ਕੇ ਪ੍ਰੋਗਰਾਮ ਨੂੰ ਅੱਗੇ ਤੋਰਿਆ। ਪ੍ਰੋਗਰਾਮ ਵਿੱਚ ਇੰਡੀਆ ਤੋਂ ਆਏ ਹਰਵਿੰਦਰ ਦੀਵਾਨਾ (ਚੇਤਨਾ ਕਲਾ ਕੇਂਦਰ ਬਰਨਾਲਾ) ਦੀ ਨਿਰਦੇਸ਼ਨਾਂ ਵਿੱਚ ਅਮੋਲਕ ਸਿੰਘ ਦਾ ਲਿਖਿਆ ਨਾਟਕ ”ਜਲ੍ਹਿਆਂਵਾਲਾ ਬਾਗ ਦੀ ਵੰਗਾਰ” ਅਤੇ ਦਰਸ਼ਨ ਮਿੱਤਵਾ ਦਾ ਨਾਟਕ ‘ਪ੍ਰੇਤ’ ਖੇਡੇ ਗਏ। ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਭਰਪੂਰ ਦਾਦ ਮਿਲੀ। ਨਾਟਕਾਂ ਵਿੱਚ ਕੰਮ ਕਰਦੇ ਕਲਾਕਾਰਾਂ ਸਮਰਪ੍ਰੀਤ, ਅੰਤਰਪ੍ਰੀਤ, ਪਰਮਜੀਤ ਦਿਓੋਲ, ਬਿਕਰਮਜੀਤ ਰੱਖੜਾ, ਬਲਤੇਜ ਸਿੱਧੂ, ਡਾ: ਰਮਨ, ਕਰਮਜੀਤ ਗਿੱਲ, ਬਲਰਾਜ ਸ਼ੌਕਰ, ਨਿਰਮਲ ਸੰਧੂ, ਮਨੀ ਗਿੱਲ, ਅਕਾਸ਼ਪ੍ਰੀਤ, ਹਰਜਾਪ ਆਦਿ ਨੇ ਆਪਣੇ ਪਾਤਰਾਂ ਵਿੱਚ ਪੂਰੀ ਤਰ੍ਹਾਂ ਢਲ ਕੇ ਪੇਸ਼ਕਾਰੀ ਕੀਤੀ ਅਤੇ ਦਰਸ਼ਕਾਂ ਨੂੰ ਆਪਣੇ ਨਾਲ ਜੋੜਣ ਅਤੇ ਤੋਰਨ ਵਿੱਚ ਪੂਰੀ ਤਰ੍ਹਾਂ ਸਫਲ ਰਹੇ। ਕੋਰੀਓਗਰਾਫੀਆਂ ਕਲਾ ਅਤੇ ਵਿਸ਼ੇ ਪੱਖੋਂ ਕਮਾਲ ਦੀਆਂ ਸਨ। ਖਾਸ ਤੌਰ ‘ਤੇ ‘ਮੈਂ ਧਰਤੀ ਪੰਜਾਬ ਦੀ’ ਨੇ ਦਰਸ਼ਕਾਂ ਉਤੇ ਬਹੁਤ ਡੂੰਘਾ ਪ੍ਰਭਾਵ ਪਾਇਆ ਤੇ ਅਦਾਕਾਰਾ ਅੰਤਰਪ੍ਰੀਤ ਦੀ ਕਲਾ ਨੂੰ ਦਰਸ਼ਕਾਂ ਵਲੋਂ ਬੇਹੱਦ ਸਲਾਹਿਆ ਗਿਆ। ਇਸ ਤੋਂ ਬਿਨਾਂ ਫ੍ਰੈਡਰਿਕ ਬੈਟਿੰਗ ਸਕੂਲ ਬਰੈਂਪਟਨ ਦੇ ਬੱਚਿਆਂ ਨੇ ਭਗਤ ਸਿੰਘ ਬਾਰੇ ਕੋਰੀਓਗ੍ਰਾਫੀ ਪੇਸ਼ ਕੀਤੀ।
ਬੁਲਾਰਿਆਂ ਬਲਵਿੰਦਰ ਬਰਨਾਲਾ ਅਤੇ ਹਰਿੰਦਰ ਹੁੰਦਲ ਨੇ ਆਪਣੇ ਵਿਚਾਰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੇ। ਮਾਸਟਰ ਰਾਮ ਕੁਮਾਰ ਦੀ ਅਗਵਾਈ ਵਿੱਚ ਲੋਕ ਮੰਡਲੀ ਭਦੌੜ ਦੇ ਕਲਾਕਾਰਾਂ ਸੁਖਦੇਵ ਆਦਿ ਨੇ ਲੋਕ ਪੱਖੀ ਗੀਤ ਪੇਸ਼ ਕਰ ਕੇ ਆਪਣੀ ਕਲਾ ਦਾ ਲੋਹਾ ਮੰਨਵਾਇਆ। ਇਸ ਮੌਕੇ ਸੁਰਜੀਤ ਸਹੋਤਾ ਅਤੇ ਸਾਥੀਆਂ ਵਲੋਂ ਲੱਚਰ ਸਾਹਿਤ ਦਾ ਬਦਲ ਪੇਸ਼ ਕਰਦੇ ਅਗਾਂਹਵਧੂ ਅਤੇ ਲੋਕ -ਪੱਖੀ ਪੁਸਤਕਾਂ ਦੀ ਪ੍ਰਦਰਸ਼ਨੀ ਲਾਈ ਗਈ। ਅੰਤ ਵਿੱਚ ਡਾ: ਬਲਜਿੰਦਰ ਸੇਖੋਂ ਨੇ ਸਾਰੇ ਦਰਸ਼ਕਾਂ, ਸਪਾਂਸਰਾਂ,ਕਲਾਕਾਰਾਂ, ਵੱਖ ਵੱਖ ਜਥੇਬੰਦੀਆਂ ਅਤੇ ਵਾਲੰਟੀਅਰਜ਼ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਬਲਦੇਵ ਰਹਿਪਾ ਅਤੇ ਕੁਲਦੀਪ ਰੰਧਾਵਾ ਨੇ ਬੜੀ ਤਰਤੀਬ ਨਾਲ ਨਿਭਾਈ। ਸਟੇਜ ਤੋਂ ਹੈਮਿਲਟਨ ਵਿੱਚ 21 ਅਪਰੈਲ ਨੂੰ ਹੋ ਰਹੇ ਸ਼ਤਾਬਦੀ ਸਮਾਰੋਹ ਬਾਰੇ ਸੂਚਨਾ ਸਾਂਝੀ ਕੀਤੀ ਗਈ।
Check Also
ਹਿੰਦੂ ਸਭਾ ਦਾ ‘ਫੂਡ ਬੈਂਕ’ ਸੈਂਕੜੇ ਲੋੜਵੰਦਾਂ ਨੂੰ ਉਮੀਦ ਦਿੰਦਾ ਹੈ
ਛੇ ਮਹੀਨੇ ਪਹਿਲਾਂ, ਹਿੰਦੂ ਸਭਾ ਨੇ ‘ਫੂਡ ਬੈਂਕ’ ਸ਼ੁਰੂ ਕਰਕੇ ਲੋੜਵੰਦਾਂ ਦੇ ਜੀਵਨ ਨੂੰ ਉੱਚਾ …