Breaking News
Home / ਭਾਰਤ / ਸੀਬੀਆਈ ਦੀ ਖਾਨਾਜੰਗੀ ਨੇ ਮੋਦੀ ਸਰਕਾਰ ਕਸੂਤੀ ਫਸਾਈ

ਸੀਬੀਆਈ ਦੀ ਖਾਨਾਜੰਗੀ ਨੇ ਮੋਦੀ ਸਰਕਾਰ ਕਸੂਤੀ ਫਸਾਈ

ਆਲੋਕ ਵਰਮਾ ਤੇ ਰਾਕੇਸ਼ ਅਸਥਾਨਾ ਨੂੰ ਜਬਰੀ ਛੁੱਟੀ ‘ਤੇ ਭੇਜਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਸੀਬੀਆਈ ਦੇ 55 ਵਰ੍ਹਿਆਂ ਦੇ ਇਤਿਹਾਸ ਵਿਚ ਦੋ ਅਧਿਕਾਰੀਆਂ ਦੀ ਖਾਨਾਜੰਗੀ ਅਤੇ ਉਸ ਮਗਰੋਂ ਦੇ ਘਟਨਾਕ੍ਰਮ ਨਾਲ ਮੋਦੀ ਸਰਕਾਰ ਕਸੂਤੀ ਫਸ ਗਈ ਹੈ। ਸਰਕਾਰ ਨੇ ਰੱਦੋ-ਬਦਲ ਕਰਦਿਆਂ ਸੀਬੀਆਈ ਦੇ ਡਾਇਰੈਕਟਰ ਆਲੋਕ ਵਰਮਾ ਅਤੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਨਾਟਕੀ ਢੰਗ ਨਾਲ ਛੁੱਟੀ ‘ਤੇ ਭੇਜਦਿਆਂ ਉਨ੍ਹਾਂ ਤੋਂ ਤਾਕਤਾਂ ਖੋਹ ਲਈਆਂ। ਤਬਾਦਲੇ ਜ਼ਿਆਦਾਤਰ ਉਨ੍ਹਾਂ ਅਧਿਕਾਰੀਆਂ ਦੇ ਕੀਤੇ ਗਏ ਹਨ ਜੋ ਗੁਜਰਾਤ ਕਾਡਰ ਦੇ ਆਈਪੀਐਸ ਅਫ਼ਸਰ ਅਸਥਾਨਾ ਖ਼ਿਲਾਫ਼ ਜਾਂਚ ਕਰ ਰਹੀਆਂ ਟੀਮਾਂ ਦਾ ਹਿੱਸਾ ਸਨ। ਸੀਬੀਆਈ ਵਿਚ ਤਬਾਦਲਿਆਂ ਦੀ ਖੇਡ ਨਾਲ ਬੇਯਕੀਨੀ ਦਾ ਮਾਹੌਲ ਪੈਦਾ ਹੋ ਗਿਆ ਹੈ। ਸਰਕਾਰ ਨੇ 1986 ਬੈਚ ਦੇ ਉੜੀਸਾ ਕਾਡਰ ਦੇ ਆਈਪੀਐਸ ਅਧਿਕਾਰੀ ਸੰਯੁਕਤ ਡਾਇਰੈਕਟਰ ਐਮ ਨਾਗੇਸ਼ਵਰ ਰਾਓ ਨੂੰ ਅੰਤਰਿਮ ਤੌਰ ‘ਤੇ ਡਾਇਰੈਕਟਰ ਤਾਂ ਨਿਯੁਕਤ ਕਰ ਦਿੱਤਾ ਹੈ ਪਰ ਉਹ ਏਡੀਜੀਪੀ ਰੈਂਕ ਦਾ ਅਧਿਕਾਰੀ ਹੈ ਅਤੇ ਉਸ ਦੇ ਬੈਚ ਦੀ ਡੀਜੀ ਪੱਧਰ ਦੇ ਅਧਿਕਾਰੀ ਬਣਨ ਲਈ ਇੰਪੈਨਲਮੈਂਟ ਅਜੇ ਹੋਣੀ ਹੈ। ਆਲੋਕ ਵਰਮਾ ਵੱਲੋਂ ਸੁਪਰੀਮ ਕੋਰਟ ਦਾ ਰੁਖ ਕਰਨ ਨਾਲ ਸਰਕਾਰ ਦੇ ਹੱਥ ਬਹੁਤਾ ਕੁਝ ਨਹੀਂ ਰਹਿ ਗਿਆ ਹੈ। ਰਾਓ ਨੇ ਮੰਗਲਵਾਰ ਨੂੰ ਅੱਧੀ ਰਾਤ ਮਗਰੋਂ ਸੀਬੀਆਈ ਦਾ ਕਾਰਜਭਾਰ ਸੰਭਾਲਦਿਆਂ ਦਰਜਨਾਂ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਦਿੱਤੇ ਜਿਨ੍ਹਾਂ ਵਿਚੋਂ ਇਕ ਏ ਕੇ ਬੱਸੀ ਨੂੰ ਪੋਰਟ ਬਲੇਅਰ ਭੇਜ ਦਿੱਤਾ ਹੈ। ਬੱਸੀ, ਅਸਥਾਨਾ ਖ਼ਿਲਾਫ਼ ਕੇਸਾਂ ਦੀ ਜਾਂਚ ਕਰ ਰਿਹਾ ਸੀ। ਬੱਸੀ ਵੱਲੋਂ ਰਿਪੋਰਟ ਕਰਨ ਵਾਲੇ ਅਧਿਕਾਰੀ ਵਧੀਕ ਐਸਪੀ ਐਸ ਐਸ ਗੁਰਮ ਨੂੰ ਜਬਲਪੁਰ ਜਦਕਿ ਸੁਪਰਵਾਈਜ਼ਰ ਡੀਆਈਜੀ ਐਮ ਕੇ ਸਿਨਹਾ ਨੂੰ ਨਾਗਪੁਰ ਭੇਜਿਆ ਗਿਆ ਹੈ। ਸੀਵੀਸੀ ਨੇ ਅਸਥਾਨਾ ਖ਼ਿਲਾਫ਼ ਰਿਸ਼ਵਤ ਅਤੇ ਜਬਰੀ ਵਸੂਲੀ ਦੇ ਦੋਸ਼ਾਂ ਦੀ ਜਾਂਚ ਲਈ ਨਵੀਂ ਟੀਮ ਬਣਾ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਮੰਗਲਵਾਰ ਦੇਰ ਰਾਤ ਨੂੰ ਵਰਮਾ ਅਤੇ ਅਸਥਾਨਾ ਨੂੰ ਛੁੱਟੀ ‘ਤੇ ਭੇਜ ਦਿੱਤਾ। ਸਰਕਾਰ ਨੇ ਇਹ ਕਦਮ ਉਸ ਸਮੇਂ ਉਠਾਇਆ ਜਦੋਂ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਨੇ ਵਰਮਾ ਅਤੇ ਅਸਥਾਨਾ ਨੂੰ ਛੁੱਟੀ ‘ਤੇ ਭੇਜਣ ਅਤੇ ਉਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਸਿਫ਼ਾਰਿਸ਼ ਕੀਤੀ ਸੀ। ਕੇ ਵੀ ਚੌਧਰੀ ਦੀ ਅਗਵਾਈ ਹੇਠਲਾ ਸੀਵੀਸੀ, ਸੀਬੀਆਈ ਵਿਚ ਭ੍ਰਿਸ਼ਟਾਚਾਰ ਦੇ ਕੇਸਾਂ ਦੀ ਦੇਖ-ਰੇਖ ਕਰਦਾ ਹੈ। ਸੀਬੀਆਈ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਨਵੀਂ ਟੀਮ ‘ਚ ਐਸਪੀ ਸਤੀਸ਼ ਡਾਗਰ ਅਤੇ ਉਨ੍ਹਾਂ ਦੇ ਸੀਨੀਅਰ ਤਰੁਣ ਗਾਬਾ ਹੋਣਗੇ ਜੋ ਜਾਇੰਟ ਡਾਇਰੈਕਟਰ ਵੀ ਮੁਰੂਗੇਸ਼ਨ ਨੂੰ ਰਿਪੋਰਟ ਕਰਨਗੇ। ਮੁਰੂਗੇਸ਼ਨ ‘ਤੇ ਸੁਪਰੀਮ ਕੋਰਟ ਨੇ ਕੋਲਾ ਘੁਟਾਲੇ ਦੀ ਜਾਂਚ ਵਿਚ ਭਰੋਸਾ ਜਤਾਇਆ ਸੀ। ਡਾਗਰ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਕੇਸਾਂ ਦੀ ਜਾਂਚ ਕੀਤੀ ਸੀ ਜਦਕਿ ਗਾਬਾ ਨੇ ਵਿਆਪਮ ਕੇਸਾਂ ਦੀ ਜਾਂਚ ਕੀਤੀ ਹੈ। ਇਕ ਹੋਰ ਹੁਕਮ ਵਿਚ ਸੀਬੀਆਈ ਨੇ ਜਾਇੰਟ ਡਾਇਰੈਕਟਰ-ਪਾਲਿਸੀ ਅਰੁਣ ਕੁਮਾਰ ਸ਼ਰਮਾ ਨੂੰ ਬਦਲ ਕੇ ਬਹੁ ਅਨੁਸ਼ਾਸਨੀ ਨਿਗਰਾਨ ਏਜੰਸੀ (ਐਮਡੀਐਮਏ) ਦਾ ਜਾਇੰਟ ਡਾਇਰੈਕਟਰ ਨਿਯੁਕਤ ਕੀਤਾ ਹੈ ਜੋ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੱਤਿਆ ਕਾਂਡ ਦੀ ਜਾਂਚ ਕਰ ਰਹੀ ਹੈ। ਸੀਨੀਅਰ ਅਧਿਕਾਰੀ ਏ ਸਾਈ ਮਨੋਹਰ ਦਾ ਤਬਾਦਲਾ ਕਰਕੇ ਚੰਡੀਗੜ੍ਹ ਜ਼ੋਨ ਦਾ ਜਾਇੰਟ ਡਾਇਰੈਕਟਰ ਨਿਯੁਕਤ ਕੀਤਾ ਹੈ ਜਦਕਿ ਡੀਆਈਜੀ ਆਰਥਿਕ ਅਪਰਾਧ-111 ਅਮਿਤ ਕੁਮਾਰ ਜਾਇੰਟ ਡਾਇਰੈਕਟਰ ਪਾਲਿਸੀ ਦਾ ਵਾਧੂ ਕਾਰਜਭਾਰ ਦੇਖਣਗੇ। ਸੀਬੀਆਈ ਤਰਜਮਾਨ ਨੇ ਬਾਅਦ ਵਿਚ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਤੇਜ਼ੀ ਨਾਲ ਨਿਰਪੱਖ ਅਤੇ ਆਜ਼ਾਦ ਢੰਗ ਨਾਲ ਜਾਂਚ ਕਰੇਗੀ।

Check Also

ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …