Breaking News
Home / ਪੰਜਾਬ / ਪੰਥਕ ਧਿਰਾਂ ਵਲੋਂ ਅਕਾਲੀ ਦਲ ਦੀ ਫਰੀਦਕੋਟ ਰੈਲੀ ਦਾ ਡਟ ਕੇ ਵਿਰੋਧ

ਪੰਥਕ ਧਿਰਾਂ ਵਲੋਂ ਅਕਾਲੀ ਦਲ ਦੀ ਫਰੀਦਕੋਟ ਰੈਲੀ ਦਾ ਡਟ ਕੇ ਵਿਰੋਧ

ਕਾਲੇ ਝੰਡਿਆਂ ਨਾਲ ਬਰਗਾੜੀ ਤੋਂ ਫਰੀਦਕੋਟ ਤੱਕ ਰੋਸ ਮਾਰਚ
ਫ਼ਰੀਦਕੋਟ : ਸ਼੍ਰੋਮਣੀ ਅਕਾਲੀ ਦਲ ਲਈ ਵੱਕਾਰ ਦਾ ਸੁਆਲ ਬਣੀ ਫ਼ਰੀਦਕੋਟ ਰੈਲੀ ਦਾ ਪੰਥਕ ਧਿਰਾਂ ਵੱਲੋਂ ਵਿਰੋਧ ਕੀਤਾ ਗਿਆ। 300 ਤੋਂ ਵੱਧ ਹਥਿਆਰਬੰਦ ਗਰਮਖ਼ਿਆਲੀ ਸਿੱਖ ਆਗੂਆਂ ਤੇ ਵਰਕਰਾਂ ਨੇ ਕਾਲੇ ਝੰਡਿਆਂ ਨਾਲ ਬਰਗਾੜੀ ਤੋਂ ਲੈ ਕੇ ਫ਼ਰੀਦਕੋਟ ਤੱਕ ਵਿਸ਼ਾਲ ਰੋਸ ਮਾਰਚ ਕੀਤਾ। ਪੁਲਿਸ ਨੇ ਇਨ੍ਹਾਂ ਪੰਥਕ ਆਗੂਆਂ ਨੂੰ ਰੋਕਣ ਲਈ ਕੋਟਕਪੂਰਾ, ਸੰਧਵਾਂ ਤੇ ਮਾਈ ਗੋਦੜੀ ਸਾਹਿਬ ਨਜ਼ਦੀਕ ਬੈਰੀਕੇਡ ਲਾਏ ਹੋਏ ਸਨ। ਇਨ੍ਹਾਂ ਆਗੂਆਂ ਨੇ ਪੁਲਿਸ ਦੇ ਲਾਏ ਬੈਰੀਗੇਡ ਪੁੱਟ ਦਿੱਤੇ ਤੇ ਬਾਅਦ ਵਿੱਚ ਭਾਰੀ ਸੁਰੱਖਿਆ ਬਲਾਂ ਨੇ ਪੰਥਕ ਧਿਰਾਂ ਨੂੰ ਨਹਿਰਾਂ ਵਾਲੇ ਪੁਲ ‘ਤੇ ਰੋਕ ਲਿਆ।
ਇਸ ਮੌਕੇ ਸਥਿਤੀ ਗੰਭੀਰ ਹੋਣ ਕਾਰਨ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਨੂੰ ਖ਼ੁਦ ਮੋਰਚਾ ਸੰਭਾਲਣਾ ਪਿਆ।
ਇੱਕ ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਪੰਥਕ ਧਿਰਾਂ ਨੂੰ ਕਰੀਬ ਦੋ ਘੰਟੇ ਤੱਕ ਰੋਕੀ ਰੱਖਿਆ, ਪਰ ਸੁਖਬੀਰ ਸਿੰਘ ਬਾਦਲ ਰੈਲੀ ਨੂੰ ਸੰਬੋਧਨ ਕਰਨ ਲੱਗੇ ਤਾਂ ਪੰਥਕ ਧਿਰਾਂ ਨੇ ਆਖਰੀ ਬੈਰੀਕੇਡ ਵੀ ਪੁੱਟ ਦਿੱਤਾ ਅਤੇ ਰੈਲੀ ਵੱਲ ਵਧਣ ਲੱਗੇ। ਮਾਰੂ ਹਥਿਆਰਾਂ ਨਾਲ ਲੈਸ ਸਿੱਖ ਆਗੂਆਂ ਨੇ ਅਕਾਲੀ ਆਗੂਆਂ ਦੇ ਸ਼ਹਿਰ ਵਿੱਚ ਲੱਗੇ ਫਲੈਕਸ ਵੀ ਪਾੜ ਦਿੱਤੇ। ਪੁਲਿਸ ਨੇ ਜੁਬਲੀ ਸਿਨੇਮਾ ਚੌਕ ਵਿੱਚ ਇਨ੍ਹਾਂ ਆਗੂਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਰੈਲੀ ਖਤਮ ਹੋਣ ਤੋਂ ਬਾਅਦ ਅਕਾਲੀ ਵਰਕਰਾਂ ਤੇ ਆਗੂਆਂ ਦੇ ਵਾਹਨ ਜਦੋਂ ਵਾਪਸ ਜਾਣ ਲੱਗੇ ਤਾਂ ਗਰਮਦਲੀਆਂ ਨੇ ਜੁਬਲੀ ਸਿਨੇਮਾ ਚੌਕ ਅਤੇ ਰੇਲਵੇ ਸਟੇਸ਼ਨ ਨੇੜੇ ਦੋ ਬੱਸਾਂ ਭੰਨ ਦਿੱਤੀਆਂ, ਜਦੋਂਕਿ ਕੋਤਵਾਲੀ ਸਾਹਮਣੇ ਇੱਕ ਆਲਟੋ ਕਾਰ ਤੋੜ ਦਿੱਤੀ। ਇਸ ਸਾਰੇ ਵਾਹਨ ਅਕਾਲੀ ਦਲ ਦੀ ਰੈਲੀ ਵਿੱਚ ਆਏ ਸਨ।ਆਈ.ਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਕੌਮੀ ਸ਼ਾਹਰਾਹ ਰੋਕਣ ਅਤੇ ਭੰਨ-ਤੋੜ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਨੇ ਕਿਹਾ ਕਿ ਭੰਨ-ਤੋੜ ਦੇ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਮੁਖ ਮੰਤਰੀ ਨੂੰ ਫ਼ਰੀਦਕੋਟ ਆਉਣ ‘ਤੇ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਇੱਕ ਵਿਅਕਤੀ ਨੂੰ ਪੁਲਿਸ ਨੇ ਰਿਵਾਲਵਰ ਸਮੇਤ ਹਿਰਾਸਤ ਵਿੱਚ ਲਿਆ ਹੈ।
ਸਾਬਕਾ ਮੁੱਖ ਮੰਤਰੀ ਨੇ ਖ਼ੁਦ ਮੰਨਿਆ ਕਿ ਉਨ੍ਹਾਂ ਨੂੰ ਫ਼ਰੀਦਕੋਟ ਆਉਣ ‘ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਪਰ ਪੁਲਿਸ ਨੇ ਹਾਲ ਦੀ ਘੜੀ ਧਮਕੀ ਦੇਣ ਵਾਲੇ ਨੂੰ ਹਿਰਾਸਤ ਵਿੱਚ ਲੈਣ ਬਾਰੇ ਪੁਸ਼ਟੀ ਨਹੀਂ ਕੀਤੀ। ਉਂਜ, ਪੁਲਿਸ ਸੂਤਰਾਂ ਅਨੁਸਾਰ ਸੋਸ਼ਲ ਮੀਡੀਆ ‘ਤੇ ਬਾਦਲ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਸਵੇਰੇ ਹੀ ਪੁਲਿਸ ਨੇ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਹਿਰਾਸਤ ਵਿੱਚ ਲੈ ਲਿਆ ਸੀ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …