Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਉਰਦੂ ਤੇ ਫ਼ਾਰਸੀ ਪਿਛੋਕੜ ਵਾਲੇ ਅੱਖਰਾਂ ਅਤੇ ਸ਼ਬਦਾਂ ਦੇ ਸ਼ੁੱਧ ਉਚਾਰਨ ਬਾਰੇ ਗੱਲਬਾਤ ਹੋਈ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਉਰਦੂ ਤੇ ਫ਼ਾਰਸੀ ਪਿਛੋਕੜ ਵਾਲੇ ਅੱਖਰਾਂ ਅਤੇ ਸ਼ਬਦਾਂ ਦੇ ਸ਼ੁੱਧ ਉਚਾਰਨ ਬਾਰੇ ਗੱਲਬਾਤ ਹੋਈ

ਬਰੈਂਪਟਨ/ਡਾ.ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਲੰਘੇ ਐਤਵਾਰ 19 ਅਗਸਤ ਨੂੰ 21 ਕੋਵੈਂਟਰੀ ਰੋਡ ਸਥਿਤ ਫ਼ਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ ਵਿਖੇ ਹੋਏ ਸਮਾਗ਼ਮ ਵਿਚ ਸਭਾ ਦੇ ਸਰਗ਼ਰਮ ਮੈਂਬਰ ਉੱਘੇ ਗਾਇਕ ਇਕਬਾਲ ਬਰਾੜ ਵੱਲੋਂ ਉਰਦੂ ਅਤੇ ਫ਼ਾਰਸੀ ਪਿਛੋਕੜ ਵਾਲੇ ਪੰਜਾਬੀ ਵਿਚ ਆਮ ਵਰਤੇ ਜਾ ਰਹੇ ਕਈ ਅੱਖਰਾਂ ਦੀਆਂ ਧੁਨੀਆਂ ਅਤੇ ਉਨ੍ਹਾਂ ਦੇ ਨਾਲ ਬਣੇ ਸ਼ਬਦਾਂ ਦੇ ਸਹੀ ਉਚਾਰਨ ਬਾਰੇ ਬੜੀ ਭਾਵ-ਪੂਰਤ ਗੱਲਬਾਤ ਕੀਤੀ ਗਈ। ਉਪਰੰਤ, ਕਰਨ ਅਜਾਇਬ ਸਿੰਘ ਸੰਘਾ ਨੇ ਆਪਣੀ ਕਾਵਿ-ਪ੍ਰਕਿਰਿਆ ਬਾਰੇ ਹਾਜ਼ਰੀਨ ਨਾਲ ਕੁਝ ਨੁਕਤੇ ਸਾਂਝੇ ਕੀਤੇ ਜਾਣਗੇ ਅਤੇ ਆਪਣੀਆਂ ਦੋ ਮਨਪਸੰਦ ਕਵਿਤਾਵਾਂ ਸਾਂਝੀਆਂ ਕੀਤੀਆਂ। ਇਸ ਮੌਕੇ ਪ੍ਰਧਾਨਗੀ- ਮੰਡਲ ਵਿਚ ਉਨ੍ਹਾਂ ਦੇ ਨਾਲ ਕੰਪਿਊਟਰ-ਧਨੰਤਰ ਕ੍ਰਿਪਾਲ ਸਿੰਘ ਪੰਨੂੰ ਅਤੇ ਕਵਿੱਤਰੀ ਹਰਭਜਨ ਕੌਰ ਗਿੱਲ ਬਿਰਾਜਮਾਨ ਸਨ।
ਪ੍ਰੋਗਰਾਮ ਦੀ ਆਰੰਭਤਾ ‘ਤੇ ਮੰਚ-ਸੰਚਾਲਕ ਪ੍ਰੋ. ਜਗੀਰ ਸਿੰਘ ਕਾਹਲੋਂ ਦੇ ਸੱਦੇ ‘ਤੇ ਇਕਬਾਲ ਬਰਾੜ ਨੇ ਆਪਣੀ ਗੱਲ ਸ਼ੁਰੂ ਕਰਦਿਆਂ ਦੱਸਿਆ ਕਿ ਅੱਜ ਕੱਲ੍ਹ ਪੰਜਾਬੀ ਲੇਖਕਾਂ ਅਤੇ ਗਾਇਕਾਂ ਵੱਲੋਂ ਉਰਦੂ ਅਤੇ ਫ਼ਾਰਸੀ ਦੇ ਬਹੁਤ ਸਾਰੇ ਸ਼ਬਦ ਵਰਤੇ ਜਾ ਰਹੇ ਹਨ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਨਾ ਤਾਂ ਕਈ ਲੇਖਕਾਂ ਵੱਲੋਂ ਇਨ੍ਹਾਂ ਨੂੰ ਠੀਕ ਤਰ੍ਹਾਂ ਲਿਖਿਆ ਜਾਂਦਾ ਹੈ ਅਤੇ ਨਾ ਹੀ ਇਨ੍ਹਾਂ ਨੂੰ ਬੋਲਣ ਲੱਗਿਆਂ ਗਾਇਕਾਂ ਵੱਲੋਂ ਇਨ੍ਹਾਂ ਦਾ ਸਹੀ ਉਚਾਰਨ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਕਈ ਰੇਡੀਓ ਤੇ ਟੀ.ਵੀ. ਸੰਚਾਲਕ ਵੀ ਕਈਆਂ ਸ਼ਬਦਾਂ ਦਾ ਉਚਾਰਨ ਸਹੀ ਤਰੀਕੇ ਨਾਲ ਨਹੀਂ ਕਰਦੇ। ਆਪਣੀ ਇਸ ਧਾਰਨਾ ਦੀ ਪ੍ਰੋੜ੍ਹਤਾ ਲਈ ਉਨ੍ਹਾਂ ਪੈਰੀਂ ਬਿੰਦੀ ਵਾਲੇ ਅੱਖਰਾਂ ਸ਼, ਖ਼, ਜ਼, ਗ਼, ਫ਼ ਵਾਲੇ ਕਈ ਸ਼ਬਦਾਂ ਦੀਆਂ ਉਦਾਹਰਣਾ ਦਿੰਦਿਆਂ ਕਿਹਾ ਕਿ ਬਹੁਤ ਸਾਰੇ ਵਿਅੱਕਤੀ ‘ਛਾਵਾਂ’ ਨੂੰ ‘ਸ਼ਾਵਾਂ’ ਜਾਂ ‘ਸਾਵਾਂ’ ਉਚਾਰਦੇ ਹਨ। ਏਸੇ ਤਰ੍ਹਾਂ, ਕਈਆਂ ਦੇ ਮੂੰਹੋਂ ‘ਕੋਸ਼ਿਸ਼’ ਦੀ ਥਾਂ ‘ਕੋਸਿਸ’, ‘ਗ਼ਜ਼ਲ’ ਦੀ ਥਾਂ ‘ਗਜਲ’ ਅਤੇ ‘ਗੁਜ਼ਾਰਿਸ਼’ ਦੀ ਥਾਂ ‘ਗੁਜਾਰਿਸ਼’ ਜਾਂ ‘ਗੁਜਾਰਿਸ’ ਹੀ ਨਿਕਲਦਾ ਹੈ।
ਕਰਨ ਅਜਾਇਬ ਸਿੰਘ ਸੰਘਾ ਨੇ ਆਪਣੀ ਕਾਵਿ-ਪ੍ਰਕਿਰਿਆ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਕਦੇ ਵੀ ਕਵਿਤਾ ਮਿਥ ਕੇ ਨਹੀਂ ਲਿਖਦੇ, ਸਗੋਂ ਇਹ ਤਾਂ ਗਾਹੇ-ਬਗਾਹੇ ਉਨ੍ਹਾਂ ਕੋਲੋਂ ਲਿਖ ਹੋ ਜਾਂਦੀ ਹੈ। ਉਨ੍ਹਾਂ ਦੇ ਆਪਣੇ ਸ਼ਬਦਾਂ ਵਿਚ ”ਕਵਿਤਾ ਲਿਖੀ ਨਹੀਂ ਜਾਦੀ, ਕਵਿਤਾ ਤਾਂ ਜਨਮ ਲੈਂਦੀ ਹੈ।” ਇਸ ਨੂੰ ਹੋਰ ਸਪੱਸ਼ਟ ਕਰਨ ਲਈ ਆਪਣੀ ਇਕ ਕਵਿਤਾ ਦਾ ਹਵਾਲਾ ਦਿੰਦਿਆਂ ਹੋਇਆਂ ਉਨ੍ਹਾਂ ਕਿਹਾ,”ਅੱਜਕੱਲ੍ਹ ਮੈਂ ਕਵਿਤਾ ਨਹੀਂ ਲਿਖਦਾ, ਕਵਿਤਾ ਮੈਨੂੰ ਲਿਖ ਰਹੀ ਹੈ।” ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀਆਂ ਦੋ-ਤਿੰਨ ਕਵਿਤਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਸਭਾ ਦੇ ਦੂਸਰੇ ਸੈਸ਼ਨ ਵਿਚ ਕਵੀ-ਦਰਬਾਰ ਹੋਇਆ ਜਿਸ ਵਿਚ ਕਵਿਤਾਵਾਂ ਅਤੇ ਗੀਤਾਂ-ਗ਼ਜ਼ਲਾਂ ਦਾ ਸਿਲਸਿਲਾ ਖ਼ੂਬ ਚੱਲਿਆ। ਇਸ ਸੈਸ਼ਨ ਲਈ ਮੰਚ ਸੰਭਾਲਦਿਆਂ ਹੋਇਆਂ ਪਰਮਜੀਤ ਸਿੰਘ ਢਿੱਲੋਂ ਨੇ ਸੱਭ ਤੋਂ ਪਹਿਲਾਂ ਲੰਘੇ ਦਿਨੀਂ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਛੱਜਲਵੱਡੀ ਤੋਂ ਆਏ ਸ਼ਾਇਰ ਮਲਵਿੰਦਰ ‘ਛੱਜਲਵੱਡੀ’ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਆਪਣੀਆਂ ਦੋ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਫਿਰ ਵਾਰੋ-ਵਾਰੀ ਗਿਆਨ ਸਿੰਘ ਘਈ, ਮਕਸੂਦ ਚੌਧਰੀ, ਮਹਿੰਦਰ ਸਿੰਘ ਉੱਪਲ, ਅਵਤਾਰ ਸਿੰਘ ਅਰਸ਼ੀ, ਜਗਮੋਹਨ ਸੰਘਾ, ਕੁਲਜੀਤ ਸਿੰਘ ਜੰਜੂਆ, ਤਹਿਸੀਲਦਾਰ ਲਖਬੀਰ ਸਿੰਘ ਕਾਹਲੋਂ, ਜਗਜੀਤ ਸਿੰਘ ਜੌੜਾ, ਸੁੰਦਰਪਾਲ ਰਾਜਸਾਂਸੀ, ਹਰਜਸਪ੍ਰੀਤ ਗਿੱਲ, ਨਵਦੀਪ ਸੇਖੋਂ, ਕੰਵਲਜੀਤ ਕੌਰ ਅਤੇ ਕਈ ਹੋਰਨਾਂ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਇਕਬਾਲ ਬਰਾੜ ਨੇ ਮੁਹੰਮਦ ਰਫ਼ੀ ਸਾਹਿਬ ਵੱਲੋਂ ਫਿਲਮ ‘ਮੇਰਾ ਨਾਮ ਜੋਕਰ’ ਵਿਚ ਹਿੰਦੀ ‘ਚ ਗਾਈ ਗਈ ‘ਹੀਰ’ ਗਾ ਕੇ ਸਰੋਤਿਆਂ ਨੂੰ ਸਰਸ਼ਾਰ ਕੀਤਾ। ਇਸ ਦੌਰਾਨ ਕੁਲਜੀਤ ਮਾਨ, ਪਿਆਰਾ ਸਿੰਘ ਤੂਰ, ਪਰਮਜੀਤ ਸਿੰਘ ਗਿੱਲ ਅਤੇ ਸੁਖਦੇਵ ਧਾਲੀਵਾਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗ਼ਮ ਵਿਚ ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ, ਤਲਵਿੰਦਰ ਸਿੰਘ ਮੰਡ, ਦਰਸ਼ਨ ਸਿੰਘ ਦਰਸ਼ਨ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ ਗਾਂਧੀ, ਸੁਰਜੀਤ ਕੌਰ, ਰਮਿੰਦਰ ਵਾਲੀਆ, ਸਰਬਜੀਤ ਕਾਹਲੋਂ, ਜਗਦੀਸ਼ ਝੰਡ, ਤਰਲੋਚਨ ਗਾਂਧੀ ‘ਤੇ ਕਈ ਹੋਰ ਹਾਜ਼ਰ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …