ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਨੂੰ ਦੱਸਿਆ ਮੰਦਭਾਗਾ
ਅੰਮ੍ਰਿਤਸਰ/ਬਿਊਰੋ ਨਿਊਜ਼
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਸਮਾਗਮ ਵਾਈਟ ਹਾਊਸ ਅਮਰੀਕਾ ਵਿਖੇ ਵੀ ਹੋਇਆ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਮੁੱਚੀ ਕੌਮ ਨੂੰ ਇਸ ਦਿਨ ਦੀਆਂ ਵਧਾਈਆਂ ਵੀ ਦਿੱਤੀਆਂ। ਦੂਜੇ ਪਾਸੇ ਇਹ ਪਹਿਲੀ ਵਾਰ ਹੈ ਜਦੋਂ ਰਾਸ਼ਟਰਪਤੀ ਭਵਨ ਦਿੱਲੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਸਮਾਗਮ ਨਹੀਂ ਕਰਵਾਇਆ ਗਿਆ। ਇਸ ਤੋਂ ਪਹਿਲਾਂ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਰਾਸ਼ਟਰਪਤੀ ਭਵਨ ਦਿੱਲੀ ਵਿਖੇ ਦੋ ਘੰਟੇ ਕੀਰਤਨ ਹੁੰਦਾ ਸੀ। ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਭਾਜਪਾ ਦਾ ਉਮੀਦਵਾਰ ਰਾਸ਼ਟਰਪਤੀ ਬਣਿਆ ਤੇ ਪਹਿਲੀ ਵਾਰ ਹੀ ਗੁਰਪੁਰਬ ਰਾਸ਼ਟਰਪਤੀ ਭਵਨ ਵਿਚ ਨਹੀਂ ਮਨਾਇਆ ਗਿਆ।
ਇਸ ਬਾਰੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਕੌਮ ਵੱਲੋਂ ਭਾਰਤ ਦੀ ਅਜ਼ਾਦੀ ਲਈ ਅਥਾਹ ਕੁਰਬਾਨੀਆਂ ਕੀਤੀਆਂ ਗਈਆਂ ਹਨ। ਸਿੱਖ ਗੁਰੂਆਂ ਵੱਲੋਂ ਵੀ ਸਾਂਝੀਵਾਲਤਾ ਦਾ ਸੁਨੇਹਾ ਸਮੁੱਚੀ ਲੁਕਾਈ ਨੂੰ ਦਿੱਤਾ ਗਿਆ ਹੈ। ਫਿਰ ਵੀ ਭਾਰਤ ਦੇ ਰਾਸ਼ਟਰਪਤੀ ਭਵਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਨਾ ਮਨਾਉਣਾ ਮੰਦਭਾਗੀ ਗੱਲ ਹੈ।