ਕਿਹਾ, ਅਜੇ ਵੀ ਸਿੱਧੂ ਕਾਂਗਰਸ ਪਾਰਟੀ ਨੂੰ ਛੱਡਣ ਲਈ ਤਿਆਰ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਆਮ ਆਦਮੀ ਪਾਰਟੀ ਵਿਚ ਆਉਣਾ ਚਾਹੁੰਦੇ ਸਨ, ਪਰ ਹੁਣ ਅਜਿਹਾ ਕੁਝ ਨਹੀਂ ਹੈ। ਸਿੱਧੂ ਨਾਲ ਆਖਰੀ ਵਾਰ ਕਦੋਂ ਗੱਲਬਾਤ ਹੋਈ, ਇਸ ਬਾਰੇ ਕੇਜਰੀਵਾਲ ਨੇ ਕੋਈ ਖੁਲਾਸਾ ਨਹੀਂ ਕੀਤਾ।
ਕੇਜਰੀਵਾਲ ਨੇ ਇਹ ਵੀ ਕਿਹਾ ਕਿ ਸਿੱਧੂ ਤਾਂ ਹੁਣ ਵੀ ਕਾਂਗਰਸ ਪਾਰਟੀ ਛੱਡਣ ਲਈ ਤਿਆਰ ਬੈਠੇ ਹਨ ਅਤੇ ਕੇਜਰੀਵਾਲ ਦੇ ਇਸ ਬਿਆਨ ਨਾਲ ਸਿੱਧੂ ਦੇ ਆਮ ਆਦਮੀ ਪਾਰਟੀ ਵਿਚ ਜਾਣ ਨੂੰ ਲੈ ਕੇ ਚਰਚਾਵਾਂ ਫਿਰ ਤੇਜ਼ ਹੋ ਗਈਆਂ ਹਨ। ਧਿਆਨ ਰਹੇ ਕਿ ਸਿੱਧੂ ਵੀ ਕਈ ਵਾਰ ਕਾਂਗਰਸ ਪ੍ਰਧਾਨ ਦੀ ਕੁਰਸੀ ਛੱਡਣ ਦੀ ਚਿਤਾਵਨੀ ਦੇ ਚੁੱਕੇ ਹਨ।
ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਲੈ ਕੇ ਸਭ ਤੋਂ ਵੱਡੀ ਚਰਚਾ ਸੀਐਮ ਚਿਹਰੇ ਦੀ ਹੈ। ਕੇਜਰੀਵਾਲ ਕਹਿ ਤਾਂ ਚੁੱਕੇ ਹਨ ਕਿ ਸੀਐਮ ਚਿਹਰਾ ਸਿੱਖ ਭਾਈਚਾਰੇ ਵਿਚੋਂ ਹੀ ਹੋਵੇਗਾ, ਪਰ ਅਜੇ ਤੱਕ ਉਸ ਚਿਹਰੇ ਦਾ ਨਾਮ ਨਹੀਂ ਦੱਸ ਰਹੇ। ‘ਆਪ’ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਲੈ ਕੇ ਚਰਚਾ ਜ਼ਰੂਰ ਹੈ, ਪਰ ਕੇਜਰੀਵਾਲ ਇਸ ਬਾਰੇ ਵੀ ਅਜੇ ਕੁਝ ਨਹੀਂ ਕਹਿ ਰਹੇ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਛੱਡ ਚੁੱਕੇ ਹਨ ਅਤੇ ਸੁਨੀਲ ਜਾਖੜ ਵੀ ਕਾਂਗਰਸ ਪਾਰਟੀ ਛੱਡਣ ਦੀ ਤਿਆਰੀ ਵਿਚ ਹਨ।