10.6 C
Toronto
Tuesday, October 6, 2026
spot_img
HomeਕੈਨੇਡਾFrontਹਾਈਕਮਾਨ ਨੇ ਪਰਗਟ ਸਿੰਘ ਦੇ ਹੱਥ ਦਿੱਤੀ ਪੰਜਾਬ ਪਰਦੇਸ ਕਾਂਗਰਸ ਕਮੇਟੀ ਦੀ...

ਹਾਈਕਮਾਨ ਨੇ ਪਰਗਟ ਸਿੰਘ ਦੇ ਹੱਥ ਦਿੱਤੀ ਪੰਜਾਬ ਪਰਦੇਸ ਕਾਂਗਰਸ ਕਮੇਟੀ ਦੀ ਡੋਰ

ਹਾਈਕਮਾਨ ਨੇ ਪਰਗਟ ਸਿੰਘ ਦੇ ਹੱਥ ਦਿੱਤੀ ਪੰਜਾਬ ਪਰਦੇਸ ਕਾਂਗਰਸ ਕਮੇਟੀ ਦੀ ਡੋਰ
ਜਿਹੜੇ ਆਗੂ ਹਾਈਕਮਾਨ ਦੇ ਹੁਕਮ ਤੇ ਅੱਜ ਕਪਤਾਨ ਦੇ ਨਾਲ ਹਨ, ਕਦੋਂ ਤੱਕ ਰਹਿਣਗੇ
ਬਹੁਤ ਕਠਿਨ ਹੈ ਡਗਰ ਸਿਆਸਤ ਕੀ, ਖੇਡ ਮੈਦਾਨ ਤੋਂ ਬਿਲਕੁਲ ਉਲਟ ਹੈ ਸਿਆਸੀ ਅਖਾੜਾ

ਅਮਰਜੀਤ ਸਿੰਘ
05 ਅਕਤੂਬਰ, 2026
ਪਰਗਟ ਸਿੰਘ, ਹਾਕੀ ਦੇ ਖੇਤਰ ਦਾ ਇੱਕ ਚਮਕਦਾ ਸਿਤਾਰਾ ਹੁਣ ਰਾਜਨੀਤੀ ਦੇ ਖੇਤਰ ਵਿੱਚ ਵੀ ਬਹੁਤ ਅੱਗੇ ਵੱਧ ਚੁਕਾ ਹੈ। ਹਾਲਾਂਕਿ ਇਹ ਵੇਖਣਾ ਹਜੇ ਬਾਕੀ ਹੈ ਕਿ ਜੋ ਮੱਲਾਂ ਉਨ੍ਹਾਂ ਨੇ ਹਾਕੀ ਵਿੱਚ ਮਾਰੀਆਂ ਸਨ ਕੀ ਰਾਜਨੀਤੀ ਵਿੱਚ ਉਸਦੀ ਬਰਾਬਰੀ ਕਰ ਸਕਣਗੇ ਜਾਂ ਫੇਰ ਜਿਸ ਤਰ੍ਹਾਂ ਦੀ ਲੱਤ ਖਿਚਾਈ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਹੈ ਉਸਦਾ ਸ਼ਿਕਾਰ ਹੋ ਜਾਣਗੇ। ਬਾਕੀ ਹੋਰ ਕੁੱਝ ਕਹਿਣ ਤੋਂ ਪਹਿਲਾਂ ਇਹ ਕਹਿਣਾ ਜ਼ਰੂਰੀ ਹੋ ਜਾਂਦਾ ਹੈ ਕਿ ਜਿਸ ਕੁਨਬੇ ਵਿੱਚ ਸਾਰੇ ਹੀ ਡਾਇਰੈਕਟਰ ਬਣ ਜਾਣ ਤੇ ਐਕਟਰ ਕੋਈ ਵੀ ਨਾ ਰਹੇ ਤਾਂ ਕੁਨਬੇ ਨੂੰ ਸਾਂਭ ਕੇ ਰੱਖਣਾ ਵਸੋਂ ਬਾਹਰ ਹੋ ਜਾਂਦਾ ਹੈ।
ਯਾਦ ਹੋਵੇਗਾ ਤੁਹਾਨੂੰ ਫੁੱਲ ਬੈਕ ਖੇਡਦੇ ਪਰਗਟ ਸਿੰਘ ਨੇ 1992 ਦੇ ਬਾਰਸੀਲੋਨਾ ਓਲਿੰਪਿਕ ਅਤੇ 1996 ਦੇ ਅਟਲਾਂਟਾ ਓਲੰਪਿਕਸ ਦੀ ਕਪਤਾਨੀ ਕੀਤੀ ਸੀ। ਇਸਤੋਂ ਪਹਿਲਾਂ 1985 ਦੀ ਚੈਮਪੀਅਨਸ ਟ੍ਰਾਫ਼ੀ ਲਈ ਜਰਮਨੀ ਖ਼ਿਲਾਫ਼ ਜਦੋਂ ਭਾਰਤ ਇੱਕ-ਪੰਜ ਨਾਲ ਪਿੱਛੜ ਰਿਹਾ ਸੀ ਤਾਂ ਪਰਗਟ ਸਿੰਘ ਨੇ ਆਕੇ ਛੇ ਮਿੰਟ ਵਿੱਚ ਚਾਰ ਗੋਲ ਦਾਗ ਕੇ ਬਰਾਬਰੀ ਕਰ ਲਈ। ਮੈਚ ਤਾਂ ਭਾਵੇਂ ਨਹੀਂ ਜਿੱਤਿਆ ਜਾ ਸਕਿਆ ਪਰ ਪਰਗਟ ਸਿੰਘ ਜਿੱਤ ਚੁੱਕਾ ਸੀ। 1986 ਵਿੱਚ ਕਰਾਚੀ ਵਿੱਚ ਖੇਡੇ ਮੈਚ ਵਿੱਚ ਪਰਗਟ ਨੇ ਹਾਲੈਂਡ ਦੇ ਖ਼ਿਲਾਫ਼ 3-2 ਨਾਲ ਜਿੱਤ ਵੀ ਦੁਆਈ ਸੀ। ਖੇਡਾਂ ਛੱਡਣ ਤੋਂ ਬਾਅਦ ਉਹ ਪੰਜਾਬ ਪੁਲਿਸ ਵਿੱਚ ਐਸਪੀ ਰਹੇ। ਇਹ ਸਭ ਕਹਿਣ ਦਾ ਮਤਲਬ ਸਿਰਫ ਐਨਾ ਹੀ ਹੈ ਕਿ ਰਾਜਨੀਤੀ ਤੋਂ ਬਾਹਰ ਦੁਨਿਆਵੀ ਅਤੇ ਨਿਜੀ ਜ਼ਿੰਦਗੀ ਵਿੱਚ ਉਹ ਕਾਫੀ ਪ੍ਰਭਾਵਸ਼ਾਲੀ ਰਹੇ।
ਰਾਜਨੀਤੀ ਵਿੱਚ ਉਹ ਵੱਡੇ ਬਾਦਲ ਕਾਰਨ ਆਏ ਸਨ ਤੇ ਸ਼ਿਰੋਮਣੀ ਅਕਾਲੀ ਦਲ ਦੇ ਟਿਕਟ ਤੇ ਜਿੱਤੇ ਵੀ ਕਾਂਗਰਸ ਦੇ ਜਗਬੀਰ ਸਿੰਘ ਬਰਾੜ ਨੂੰ ਹਰਾ ਕੇ। ਜਦੋਂ 2016 ਵਿੱਚ ਬਾਦਲਾਂ ਨਾਲ ਅਣਬਣ ਹੋ ਗਈ ਤਾਂ ਨਵਜੋਤ ਸਿੱਧੂ ਅਤੇ ਬੈਂਸ ਭਰਾਵਾਂ ਨਾਲ ਮਿਲਕੇ ਆਵਾਜ਼-ਏ-ਪੰਜਾਬ ਨਾਂਅ ਦੀ ਇੱਕ ਨਵੀਂ ਪਾਰਟੀ ਖੜੀ ਕਰ ਲਈ ਪਰ ਜ਼ਿਆਦਾ ਦੇਰ ਨਾ ਚੱਲੀ।
ਪਰਗਟ ਸਿੰਘ ਉਨ੍ਹਾਂ 42 ਕਾਂਗਰਸੀ ਵਿਧਾਇਕਾਂ ਵਿੱਚ ਸ਼ਾਮਿਲ ਸਨ ਜਿਨ੍ਹਾਂ ਨੇ ਸੁਪ੍ਰੀਮ ਕੋਰਟ ਦੇ ਉਸ ਫੈਸਲੇ ਦੇ ਖ਼ਿਲਾਫ਼ ਅਸਤੀਫਾ ਦਿੱਤਾ ਸੀ ਜਿਸ ਵਿੱਚ ਪੰਜਾਬ ਸਰਕਾਰ ਦੇ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਖ਼ਤਮ ਕਰਨ ਦੇ ਫ਼ੈਸਲੇ ਨੂੰ ਅਸੰਵਿਧਾਨਿਕ ਕਰਾਰ ਦਿੱਤਾ ਗਿਆ ਸੀ। 2017 ਅਤੇ 2022 ਤੋਂ ਜਲੰਧਰ ਕੈਂਟ ਤੋਂ ਵਿਧਾਨਸਭਾ ਦੀ ਨੁਮਾਇੰਦਗੀ ਕਰਦੇ ਆ ਰਹੇ ਪਰਗਟ ਹੁਣ ਖੁਦ ਕਾਂਗਰਸ ਦੇ ਪ੍ਰਧਾਨ ਬਣ ਗਏ ਹਨ ਤੇ ਫੇਰ ਤੋਂ ਮੈਦਾਨ ਵਿੱਚ ਹਨ।
ਹੁਣ ਇਹ ਗੱਲ ਚਰਚਾ ਵਿੱਚ ਆ ਗਈ ਹੈ ਕਿ ਕੀ ਖੇਡਾਂ ਦੇ ਕਪਤਾਨ ਲਈ ਸਿਆਸੀ ਖੇਡ ਵੀ ਐਨੀ ਹੀ ਸੌਖੀ ਹੋਵੇਗੀ?. ਸ਼ਾਇਦ ਨਹੀਂ। ਹੋ ਸਕਦੈ ਇਹ ਓਲਿੰਪਿਕ ਵਰਗਾ ਮੁਕਾਬਲਾ ਹੀ ਹੋਵੇ। ਇਹ ਗੱਲ ਵੱਖਰੀ ਹੈ ਕਿ ਪਰਗਟ ਸਿੰਘ ਦੇ ਨਿਜੀ ਜੀਵਨ ਵਿੱਚ ਉਨ੍ਹਾਂ ਦੇ ਅਕਸ ਤੇ ਕਦੇ ਕੋਈ ਆਂਚ ਨਹੀਂ ਆਈ, ਜਿਥੋਂ ਤੱਕ ਕਾਂਗਰਸ ਦੀ ਅਗਵਾਈ ਕਰਨ ਦਾ ਸਵਾਲ ਹੈ ਉੱਥੇ ਇਮਾਨਦਾਰੀ ਦੇ ਨਾਲ ਨਾਲ ਚਲਾਕੀ ਦੀ ਵੀ ਜ਼ਰੂਰਤ ਹੋਵੇਗੀ।
ਕਾਂਗਰਸ ਦੇ ਕਰੀਬ ਸਾਰੇ ਹੀ ਆਗੂ ਵੱਡੀਆਂ ਵੱਡੀਆਂ ਇੱਛਾਵਾਂ ਪਾਲ਼ੀ ਬੈਠੇ ਨੇ, ਉਨ੍ਹਾਂ ਨੂੰ ਨਾਲ ਲੈਕੇ ਚਲਣਾ ਇੱਕ ਟੇਢੀ ਖੀਰ ਹੋਵੇਗੀ। ਜਿਹੜੇ ਚਰਨਜੀਤ ਸਿੰਘ ਚੰਨੀ ਰਾਹੁਲ ਗਾਂਧੀ ਦੇ ਕਹਿਣ ਤੇ ਇਸ ਵੇਲੇ ਸ਼ਾਂਤ ਹੋਕੇ ਬੈਠੇ ਹਨ ਉਨ੍ਹਾਂ ਦਾ ਅਤੀਤ ਦੱਸਦਾ ਹੈ ਕਿ ਉਹ ਕਦੇ ਵੀ ਕੋਈ ਵੀ ਫੈਸਲਾ ਲੈ ਲੈਂਦੇ ਹਨ ਜਿਸ ਨਾਲ ਪਾਰਟੀ ਵਿੱਚ ਅਸ਼ਾਂਤੀ ਪੈਦਾ ਹੁੰਦੀ ਹੈ, ਇਸ ਵੇਲੇ ਜਿਹੜੀ ਗੁੱਟਬਾਜ਼ੀ ਕਾਂਗਰਸ ਅੰਦਰ ਚੱਲ ਰਹੀ ਹੈ ਉਸ ਵਿੱਚ ਚਰਨਜੀਤ ਸਿੰਘ ਚੰਨੀ ਦਾ ਵੀ ਬਰਾਬਰ ਦਾ ਹੱਥ ਹੈ, ਆਉਂਦੀਆਂ ਚੋਣਾਂ ਤੱਕ ਉਨ੍ਹਾਂ ਨੂੰ ਕਿਵੇਂ ਟਿਕਾਇਆ ਜਾਵੇ ਇਹ ਪਰਗਟ ਸਿੰਘ ਦੀ ਪਹਿਲੀ ਚੁਣੌਤੀ ਹੈ।
ਥੋੜਾ ਅੱਗੇ ਚੱਲੀਏ ਤਾਂ ਪੁਰਾਣੇ ਘਾਘ ਕਾਂਗਰਸੀ ਵੀ ਆਪਣੀਆਂ ਵੱਡੀਆਂ ਸੀਟਾਂ ਦੀ ਦਾਵੇਦਾਰੀ ਤੋਂ ਪਿੱਛੇ ਹਟਣ ਵਾਲੇ ਨਹੀਂ ਹਨ। ਵਿਧਾਨਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਲੈਕੇ ਸੁਖਜਿੰਦਰ ਸਿੰਘ ਰੰਧਾਵਾ ਤੱਕ, ਸਾਰੇ ਤਜ਼ੁਰਬੇ ਨਾਲ ਨੱਕੋ ਨੱਕ ਭਰੇ ਪਏ ਹਨ। ਵਿਧਾਨਸਭਾ ਵਿੱਚ ਹਮੇਸ਼ਾ ਆਪਣਾ ਹੋਮਵਰਕ ਪੂਰਾ ਕਰਕੇ ਆਉਣ ਵਾਲੇ ਸੁਖਪਾਲ ਸਿੰਘ ਖਹਿਰਾ ਕੋਲ ਕੁੱਝ ਤਜ਼ੁਰਬਾ ਆਮ ਆਦਮੀ ਪਾਰਟੀ ਦਾ ਵੀ ਹੈ ਤੇ ਉਹ ਵੀ ਡਾਹਢੇ ਸਿਆਣੇ ਹਨ, ਚੰਨੀ ਸਮੇਤ ਇਹ ਸਾਰੇ ਸਿਆਸੀ ਮਾਮਲਿਆਂ ਵਿੱਚ ਪਰਗਟ ਸਿੰਘ ਤੋਂ ਕਿਤੇ ਸਿਆਣੇ ਹਨ। ਵੇਖਣਾ ਇਹ ਵੀ ਹੋਵੇਗਾ ਕਿ ਕੀ ਉਹ ਪਰਗਟ ਦੀ ਸਦਾਰਤ ਨੂੰ ਸਵੀਕਾਰ ਕਰਦੇ ਵੀ ਹਨ ਕਿ ਨਹੀਂ।
ਇਹ ਸਵਾਲ ਐਥੇ ਇਸ ਲਈ ਚੁੱਕਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਕਾਂਗਰਸ ਵਿੱਚ ਜੋ ਕਾਟੋ ਕਲੇਸ਼ ਪਿਆ ਹੋਇਆ ਹੈ ਉਹ ਸਭ ਪ੍ਰਧਾਨਗੀ ਨੂੰ ਲੈਕੇ ਹੀ ਹੈ। ਇੱਕ ਟੀਮ ਆਗੂ ਵਜੋਂ ਇਨ੍ਹਾਂ ਆਗੂਆਂ ਨੂੰ ਨਾਲ ਲੈਕੇ ਚੱਲਣਾ ਇੱਕ ਵੱਡੀ ਚੁਣੌਤੀ ਹੈ। ਇਹ ਚੇਤੇ ਰੱਖਣਾ ਚਾਹੀਦੈ ਕਿ ਇਨ੍ਹਾਂ ਵਿੱਚੋਂ ਬਹੁਤੇ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਉਸ ਸਾਬਕਾ ਆਗੂ ਨੂੰ ਪ੍ਰਧਾਨ ਦੀ ਕੁਰਸੀ ਤੇ ਬੈਠਿਆਂ ਦੇਖ ਕੇ ਕਦੇ ਖੁਸ਼ ਨਹੀਂ ਹੋਣਗੇ ਜਿਸ ਨੇ 2017 ਵਿੱਚ ਅਕਾਲੀਆਂ ਨਾਲ ਧੋਖਾ ਕਰਕੇ ਕਾਂਗਰਸ ਵਿੱਚ ਛਾਲ਼ ਮਾਰ ਦਿੱਤੀ ਸੀ।

RELATED ARTICLES
POPULAR POSTS