
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਅਤੇ ਪੱਛਮੀ ਬੰਗਾਲ ਵਿਚਾਲੇ ਸਫਰ ਕਰਨ ਵਾਲੇ ਯਾਤਰੀਆਂ ਨੂੰ ਹੁਣ ਸਿੱਧੀ ਉਡਾਣ ਮਿਲੇਗੀ। ਇਸਦੇ ਚੱਲਦਿਆਂ ਇੰਡੀਗੋ ਆਉਂਦੀ 1 ਅਕਤੂਬਰ ਤੋਂ ਅੰਮਿ੍ਰਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਮਿ੍ਰਤਸਰ ਅਤੇ ਕੋਲਕਾਤਾ ਵਿਚਾਲੇ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਇਹ ਉਡਾਣ ਹਫਤੇ ਵਿਚ ਤਿੰਨ ਦਿਨ ਚਲੇਗੀ। ਇਸਦੇ ਨਾਲ ਹੀ ਇੰਡੀਗੋ, ਕੋਲਕਾਤਾ ਰਾਹੀਂ ਅੰਮਿ੍ਰਤਸਰ ਅਤੇ ਗੁਹਾਟੀ ਵਿਚਕਾਰ ਵੀ ਹਵਾਈ ਸੰਪਰਕ ਮੁਹੱਈਆ ਕਰਵਾਏਗੀ। ਇਸਦੇ ਚੱਲਦਿਆਂ ‘ਫਲਾਈ ਅੰਮਿ੍ਰਤਸਰ ਇਨੀਸ਼ੀਏਟਿਵ’ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਇੰਡੀਗੋ ਵਲੋਂ ਇਸ ਰੂਟ ਦੀ ਬਹਾਲੀ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ, ਪੱਛਮੀ ਬੰਗਾਲ ਅਤੇ ਉਤਰ ਪੂਰਬ ਵਿਚਕਾਰ ਸਫਰ ਕਰਨ ਵਾਲੇ ਯਾਤਰੀਆਂ ਨੂੰ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਕੋਲਕਾਤਾ ਭਾਰਤ ਦੇ ਪ੍ਰਮੁੱਖ ਵਪਾਰਕ ਅਤੇ ਸਭਿਆਚਾਰਕ ਕੇਂਦਰਾਂ ਵਿਚੋਂ ਇਕ ਹੈ। ਇਸ ਉਡਾਣ ਨਾਲ ਪੂਰਬੀ ਅਤੇ ਉਤਰ ਪੂਰਬੀ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਲਈ ਅੰਮਿ੍ਰਤਸਰ ਅਤੇ ਪੰਜਾਬ ਤੱਕ ਪਹੁੰਚ ਹੋਰ ਵੀ ਸੁਖਾਲੀ ਹੋ ਜਾਵੇਗੀ। ਉਨ੍ਹਾਂ ਪੰਜਾਬ, ਪੱਛਮੀ ਬੰਗਾਲ ਅਤੇ ਅਸਾਮ ਦੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਉਡਾਣ ਦਾ ਵੱਧ ਤੋਂ ਵੱਧ ਲਾਭ ਉਠਾਉਣ।

