Breaking News
Home / ਭਾਰਤ / ਸ਼ਾਂਤਮਈ ਕਿਸਾਨੀ ਸੰਘਰਸ਼ ਨੂੰ ‘ਤਾਰਪੀਡੋ’ ਕਰਨ ਦੀ ਹੋਈ ਕੋਸ਼ਿਸ਼

ਸ਼ਾਂਤਮਈ ਕਿਸਾਨੀ ਸੰਘਰਸ਼ ਨੂੰ ‘ਤਾਰਪੀਡੋ’ ਕਰਨ ਦੀ ਹੋਈ ਕੋਸ਼ਿਸ਼

ਨਵੀਂ ਦਿੱਲੀ : ਖੇਤੀ ਕਾਨੂੰਨਾਂ ਖਿਲਾਫ ਵਿੱਢੇ ਸੰਘਰਸ਼ ‘ਚ 40 ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਅਗਵਾਈ ਕਰਦੇ ਸੰਯੁਕਤ ਕਿਸਾਨ ਮੋਰਚੇ ਨੇ ਗਣਤੰਤਰ ਦਿਵਸ ਮੌਕੇ ਕੌਮੀ ਰਾਜਧਾਨੀ ਵਿੱਚ ਹੋਈ ਹਿੰਸਾ ਲਈ ਅਦਾਕਾਰ ਦੀਪ ਸਿੱਧੂ ਜਿਹੇ ‘ਗੈਰਸਮਾਜੀ’ ਅਨਸਰਾਂ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਦੱਸਿਆ ਹੈ। ਮੋਰਚੇ ‘ਚ ਸ਼ਾਮਲ ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਕੱਢੇ ਜਾ ਰਹੇ ‘ਟਰੈਕਟਰ ਪਰੇਡ ਮਾਰਚ’ ਨੂੰ ਇਕ ਸਾਜ਼ਿਸ਼ ਤਹਿਤ ‘ਤਾਰਪੀਡੋ’ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੋਰਚੇ ਨੇ ਜ਼ੋਰ ਦੇ ਕੇ ਆਖਿਆ ਕਿ ਉਹ ‘ਸਰਕਾਰ ਤੇ ਹੋਰਨਾਂ ਤਾਕਤਾਂ’ ਨੂੰ ਅਮਨ ਅਮਾਨ ਨਾਲ ਚੱਲ ਰਹੇ ਆਪਣੇ ਇਸ ਸੰਘਰਸ਼ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਮੋਰਚੇ ਨੇ ਇਕ ਬਿਆਨ ਵਿੱਚ ਕਿਹਾ ਕਿ ,’ਕੇਂਦਰ ਸਰਕਾਰ ਕਿਸਾਨਾਂ ਦੇ ਇਸ ਅੰਦੋਲਨ ਕਰਕੇ ਬੁਰੀ ਤਰ੍ਹਾਂ ਹਲੂਣੀ ਪਈ ਹੈ। ਇਹੀ ਵਜ੍ਹਾ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਕੇਐੱਮਐੱਸਸੀ) ਤੇ ਹੋਰਨਾਂ ਨਾਲ ਮਿਲ ਕੇ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ ਕਿਸਾਨ ਅੰਦੋਲਨ ਖਿਲਾਫ ਗੰਧਲੀ ਸਾਜ਼ਿਸ਼ ਘੜੀ ਗਈ ਹੈ। ਇਹ ਜਥੇਬੰਦੀਆਂ ਖੇਤੀ ਕਾਨੂੰਨਾਂ ਖਿਲਾਫ ਵਿੱਢੇ ਸਾਂਝੇ ਸੰਘਰਸ਼ ਦਾ ਹਿੱਸਾ ਨਹੀਂ ਹਨ।’ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਡਾ.ਦਰਸ਼ਨ ਪਾਲ ਨੇ ਕਿਹਾ ਕਿ ਜਦੋਂ ਕਿਸਾਨ ਜਥੇਬੰਦੀਆਂ ਨੇ 26 ਜਨਵਰੀ ਦੀ ਕਿਸਾਨ ਪਰੇਡ ਲਈ ਨਿਰਧਾਰਿਤ ਰੂਟਾਂ ਲਈ ਇਕ ਪ੍ਰੋਗਰਾਮ ਐਲਾਨਿਆ ਤਾਂ ਦੀਪ ਸਿੱਧੂ ਤੇ ਹੋਰਨਾਂ ਗੈਰਸਮਾਜੀ ਅਨਸਰਾਂ ਨੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਦਾ ਯਤਨ ਕੀਤਾ।
ਇਕ ਸਾਜ਼ਿਸ਼ ਤਹਿਤ ਉਪਰੋਕਤ ਕਿਸਾਨ ਜਥੇਬੰਦੀ (ਕੇਐੱਮਐੱਸਸੀ) ਤੇ ਹੋਰਨਾਂ ਨੇ ਰਿੰਗ ਰੋਡ ‘ਤੇ ਮਾਰਚ ਕੱਢਣ ਤੇ ਲਾਲ ਕਿਲ੍ਹੇ ‘ਤੇ ਝੰਡਾ ਫਹਿਰਾਉਣ ਦਾ ਐਲਾਨ ਕਰ ਦਿੱਤਾ। ਇਨ੍ਹਾਂ ਜਥੇਬੰਦੀਆਂ ਨੇ ਤਜਵੀਜ਼ਤ ਮਾਰਚ ਤੋਂ ਦੋ ਘੰਟੇ ਪਹਿਲਾਂ ਹੀ ਰਿੰਗ ਰੋਡ ਤੋਂ ਮਾਰਚ ਸ਼ੁਰੂ ਕਰ ਦਿੱਤਾ। ਇਹ ਸ਼ਾਂਤਮਈ ਤੇ ਮਜ਼ਬੂਤ ਕਿਸਾਨੀ ਸੰਘਰਸ਼ ਨੂੰ ਠਿੱਬੀ ਲਾਉਣ ਦੀ ਡੂੰਘੀ ਸਾਜਿਸ਼ ਸੀ। ਇਕ ਹੋਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਧਰਨੇ ਵਾਲੀਆਂ ਥਾਵਾਂ ‘ਤੇ ਬਣੇ ਰਹਿਣ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਸੰਘਰਸ਼ ਨੂੰ ਜਾਰੀ ਰੱਖਣ।
ਦੋ ਜਥੇਬੰਦੀਆਂ ਕਿਸਾਨ ਅੰਦੋਲਨ ਤੋਂ ਹੋਈਆਂ ਵੱਖ
ਨਵੀਂ ਦਿੱਲੀ : ਗਣਤੰਤਰ ਦਿਵਸ ਮੌਕੇ ਕੱਢੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਦੀ ਘੇਰਾਬੰਦੀ ਅਤੇ ਕੌਮੀ ਰਾਜਧਾਨੀ ਦੀਆਂ ਸੜਕਾਂ ‘ਤੇ ਹਿੰਸਾ ਤੋਂ ਇਕ ਦਿਨ ਮਗਰੋਂ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ (ਭਾਨੂ) ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਸੰਘਰਸ਼ ਨੂੰ ਅਲਵਿਦਾ ਆਖ ਦਿੱਤੀ ਹੈ। ਏਆਈਕੇਐੱਸਸੀਸੀ ਦੇ ਮੁਖੀ ਵੀਐੱਮ ਸਿੰਘ ਅਤੇ ਬੀਕੇਯੂ (ਭਾਨੂ) ਦੇ ਭਾਨੂ ਪ੍ਰਤਾਪ ਸਿੰਘ ਨੇ ਇਕ ਪ੍ਰੈੱਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਉਨ੍ਹਾਂ ਦੀਆਂ ਜਥੇਬੰਦੀਆਂ ਕਿਸਾਨਾਂ ਦੇ ਪ੍ਰਦਰਸ਼ਨਾਂ ਤੋਂ ਪਿੱਛੇ ਹਟ ਰਹੀਆਂ ਹਨ, ਕਿਉਂਕਿ ਜੋ ਕੁੱਝ ਹੋਇਆ ਉਸ ਤੋਂ ਬਾਅਦ ਸੰਘਰਸ਼ ਦਾ ਹਿੱਸਾ ਬਣਨਾ ਕਿਸੇ ਪਾਸੇ ਤੋਂ ਜਾਇਜ਼ ਨਹੀਂ ਲੱਗਦਾ। ਦੋਵੇਂ ਕਿਸਾਨ ਯੂਨੀਅਨਾਂ ਚਿੱਲਾ ਬਾਰਡਰ ‘ਤੇ ਲਾਏ ਧਰਨੇ ਵਿੱਚ ਸ਼ਾਮਲ ਸਨ।
ਦਿੱਲੀ ਤੋਂ ਪਰਤਣ ਵਾਲੇ ਟਰੈਕਟਰ ਚਾਲਕਾਂ ਨੂੰ ਧਮਕਾਉਣ ਦਾ ਦੋਸ਼
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਿੱਚ ਸ਼ੁਮਾਰ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਆਰੋਪ ਲਾਇਆ ਕਿ 26 ਜਨਵਰੀ ਨੂੰ ਕੌਮੀ ਰਾਜਧਾਨੀ ਵਿੱਚ ਕੱਢੇ ਟਰੈਕਟਰ ਮਾਰਚ ਮਗਰੋਂ ਵਾਪਸ ਜਾ ਰਹੇ ਟਰੈਕਟਰ ਚਾਲਕਾਂ ਨੂੰ ਕਰਨਾਲ ਨੇੜਲੇ ਇਲਾਕਿਆਂ ਵਿੱਚ ਮਾੜੇ ਨਤੀਜੇ ਭੁਗਤਣ ਲਈ ਧਮਕਾਇਆ ਗਿਆ। ਉਨ੍ਹਾਂ ਹਰਿਆਣਾ ਦੀ ਖੱਟਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਅਜਿਹਾ ਹੋਣ ਤੋਂ ਰੋਕੇ ਤੇ ਮਾੜੇ ਅਨਸਰਾਂ ਉਪਰ ਲਗਾਮ ਕੱਸੇ।

Check Also

ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਤੀ 1 ਜੂਨ ਤੱਕ ਅੰਤਿ੍ਰਮ ਜ਼ਮਾਨਤ

2 ਜੂਨ ਨੂੰ ਕਰਨਾ ਪਵੇਗਾ ਆਤਮ ਸਮਰਪਣ, ਚੋਣ ਪ੍ਰਚਾਰ ਕਰਨ ’ਤੇ ਕੋਈ ਪਾਬੰਦੀ ਨਹੀਂ ਨਵੀਂ …