
ਵਿਸ਼ਾਖਾਪਟਨਮ/ਬਿਊਰੋ ਨਿਊਜ਼
ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਸਥਿਤ ਇਕ ਨਿੱਜੀ ਸਕੂਲ ਵਿਚ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਅਧਿਆਪਕਾ ਵਲੋਂ ਕਥਿਤ ਤੌਰ ’ਤੇ ਥੱਪੜ ਮਾਰੇ ਜਾਣ ਤੋਂ ਬਾਅਦ ਛੇ ਸਾਲਾਂ ਦੇ ਬੱਚੇ ਦੀ ਜਮਾਤ ਵਿਚ ਹੀ ਮੌਤ ਹੋ ਗਈ ਹੈ। ਪੁਲਿਸ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਕਿੰਡਰਗਾਰਟਨ (ਕੇ.ਜੀ.) ਦਾ ਵਿਦਿਆਰਥੀ ਆਪਣਾ ਹੋਮਵਰਕ ਚੈਕ ਕਰਵਾਉਣ ਲਈ ਅਧਿਆਪਕਾ ਦੀ ਡੈਸਕ ਕੋਲ ਲਾਈਨ ਵਿਚ ਖੜ੍ਹਾ ਸੀ। ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਵਿਚ ਦੇਖਿਆ ਗਿਆ ਹੈ ਕਿ ਬੱਚਾ ਆਪਣੀ ਸਲੇਟ ਲੈ ਕੇ ਖੜ੍ਹਾ ਸੀ ਅਤੇ ਕਾਫੀ ਘਬਰਾਇਆ ਹੋਇਆ ਰੋ ਰਿਹਾ ਸੀ। ਅਧਿਆਪਕਾ ਨੇ ਜਦੋਂ ਉਸਦੀ ਵਰਦੀ ਨੂੰ ਫੜਿਆ ਤਾਂ ਬੱਚਾ ਹੱਥ ਹਿਲਾ ਕੇ ਵਿਰੋਧ ਕਰਨ ਲੱਗਾ। ਇਸ ਤੋਂ ਬਾਅਦ ਅਧਿਆਪਕਾ ਨੇ ਬੱਚੇ ਨੂੰ ਆਪਣੇ ਵੱਲ ਖਿੱਚ ਕੇ ਕਥਿਤ ਤੌਰ ’ਤੇ ਥੱਪੜ ਮਾਰ ਦਿੱਤਾ। ਥੱਪੜ ਲੱਗਣ ਤੋਂ ਬਾਅਦ ਇਹ ਬੱਚਾ ਕੁਝ ਸਮਾਂ ਸ਼ਾਂਤ ਖੜ੍ਹਾ ਰਿਹਾ ਅਤੇ ਫਿਰ ਅਚਾਨਕ ਬੇਹੋਸ਼ ਹੋ ਗਿਆ ਅਤੇ ਅਧਿਆਪਕਾ ਦੀ ਗੋਦ ਵਿਚ ਹੀ ਡਿੱਗ ਗਿਆ। ਹਾਲਾਂਕਿ ਅਧਿਆਪਕਾ ਨੇ ਉਸ ਬੱਚੇ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਸਕੂਲ ਸਟਾਫ ਵਲੋਂ ਉਸ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਬੱਚੇ ਨੂੰ ਮਿ੍ਰਤਕ ਐਲਾਨ ਦਿੱਤਾ। ਪੁਲਿਸ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 194 ਤਹਿਤ ਸ਼ੱਕੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ।

