
ਐਸਜੀਪੀਸੀ ਨੇ ਕਿਹਾ : ਬਿਨਾ ਪ੍ਰਵਾਨਗੀ ਲਏ ਕੋਈ ਵੀ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਨਹੀਂ ਕਰ ਸਕਦਾ
ਅੰਮਿ੍ਰਤਸਰ/ਬਿਊਰੋ ਨਿਊਜ਼
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਹੇਠ ਨਿੱਜੀ ਚੈਨਲ ਜੀ.ਟੀ.ਸੀ. ਨੈਟਵਰਕ ਵਿਰੁੱਧ ਅੰਮਿ੍ਰਤਸਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿਚ ਸ਼ੋ੍ਰਮਣੀ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਏਕਾਧਿਕਾਰ ਉਸ ਕੋਲ ਹੈ, ਜਿਸ ਤਹਿਤ ਬਿਨਾ ਪ੍ਰਵਾਨਗੀ ਲਏ ਕੋਈ ਵੀ ਸਿੱਧਾ ਪ੍ਰਸਾਰਣ ਨਹੀਂ ਕਰ ਸਕਦਾ। ਫਿਲਹਾਲ ਸਿੱਖ ਸੰਸਥਾ ਸ਼ੋ੍ਰਮਣੀ ਕਮੇਟੀ ਆਪਣੇ ਯੂ-ਟਿਊਬ ਚੈਨਲ, ਫੇਸਬੁੱਕ, ਅਧਿਕਾਰਤ ਵੈਬਸਾਈਟ ਅਤੇ ਐਪ ਰਾਹੀਂ ਪ੍ਰਸਾਰਣ ਕਰਦੀ ਹੈ। ਆਪਣਾ ਸੈਟੇਲਾਈਟ ਚੈਨਲ ਨਾ ਹੋਣ ਕਾਰਨ ਸੰਸਥਾ ਯੂਟਿਊਬ ਪ੍ਰਸਾਰਣ ਦੇ ਤਕਨੀਕੀ ਇੰਤਜ਼ਾਮ ਲਈ ਪੀ.ਟੀ.ਸੀ. ਨੈਟਵਰਕ ਦੀ ਮੱਦਦ ਲੈਂਦੀ ਹੈ। ਸ਼ੋ੍ਰਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਅਮਨਬੀਰ ਸਿੰਘ ਸਿਆਲੀ ਨੇ ਪੁਲਿਸ ਕਮਿਸ਼ਨਰ ਕੋਲ ਨਿੱਜੀ ਚੈਨਲ ਖਿਲਾਫ ਕਾਰਵਾਈ ਦੀ ਮੰਗ ਦੀ ਪੁਸ਼ਟੀ ਕੀਤੀ ਹੈ। ਇਸੇ ਦੌਰਾਨ ਜੀ.ਟੀ.ਸੀ. ਨੈਟਵਰਕ ਦੇ ਸੰਸਥਾਪਕ ਅਤੇ ਪ੍ਰਬੰਧਕੀ ਨਿਰਦੇਸ਼ਕ ਰਬਿੰਦਰ ਨਾਰਾਇਣ ਨੇ ਆਖਿਆ ਕਿ ਉਨ੍ਹਾਂ ਨੂੰ ਮੀਡੀਆ ਦੇ ਰਾਹੀਂ ਇਸ ਬਾਰੇ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਦੇ ਮਾਮਲੇ ਵਿਚ ਜੇਕਰ ਉਨ੍ਹਾਂ ਕੋਲੋਂ ਕੋਈ ਜਵਾਬ ਮੰਗਿਆ ਜਾਵੇਗਾ ਤਾਂ ਉਹ ਜਵਾਬ ਦੇਣ ਲਈ ਤਿਆਰ ਹਨ।

