
ਨਵੀਂ ਦਿੱਲੀ/ਬਿਊਰੋ ਨਿਊਜ਼
ਅਪ੍ਰੈਲ ਤੋਂ ਜੂਨ ਮਹੀਨੇ ਤੱਕ ਦੀ ਤਿਮਾਹੀ (ਅਪ੍ਰੈਲ-ਜੂਨ) ਦੇ ਕਾਰੋਬਾਰੀ ਅਪਡੇਟ ਜਾਰੀ ਹੋਣ ਤੋਂ ਬਾਅਦ ਅੱਜ ਸੋਮਵਾਰ ਨੂੰ ਬੈਂਕਿੰਗ ਸ਼ੇਅਰਾਂ ਵਿੱਚ ਜ਼ਬਰਦਸਤ ਹਲਚਲ ਵੇਖਣ ਨੂੰ ਮਿਲੀ। ਭਾਰਤ ਦੇ ਸਭ ਤੋਂ ਵੱਡੇ ਨਿੱਜੀ ਬੈਂਕ ਐਚ.ਡੀ.ਐਫ.ਸੀ. ਅਤੇ ਐਕਸਿਸ ਬੈਂਕ ਦੇ ਸ਼ੇਅਰਾਂ ਵਿੱਚ ਲਗਭਗ 2.5 ਫੀਸਦੀ ਤੱਕ ਦਾ ਉਛਾਲ ਦਰਜ ਕੀਤਾ ਗਿਆ, ਜਦਕਿ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰ ਕਰੀਬ 3.5 ਫੀਸਦੀ ਤੱਕ ਟੁੱਟ ਗਏ। ਨਿਵੇਸ਼ਕ ਇਨ੍ਹਾਂ ਸ਼ੁਰੂਆਤੀ ਕਾਰੋਬਾਰੀ ਅੰਕੜਿਆਂ ਨੂੰ ਸਤੰਬਰ ਵਿੱਚ ਆਉਣ ਵਾਲੇ ਤਿਮਾਹੀ ਨਤੀਜਿਆਂ ਦੀ ਇੱਕ ਝਲਕ ਵਜੋਂ ਦੇਖ ਰਹੇ ਹਨ। ਇਸੇ ਕਾਰਨ ਜਿਨ੍ਹਾਂ ਬੈਂਕਾਂ ਨੇ ਕਰਜ਼ੇ ਅਤੇ ਜਮ੍ਹਾਂ ਰਕਮ ਵਿੱਚ ਉਮੀਦ ਤੋਂ ਵਧੀਆ ਵਾਧਾ ਦਰਸਾਇਆ, ਉਨ੍ਹਾਂ ਦੇ ਸ਼ੇਅਰਾਂ ਵਿੱਚ ਖਰੀਦਦਾਰੀ ਵੇਖਣ ਨੂੰ ਮਿਲੀ। ਉਧਰ ਦੂਜੇ ਪਾਸੇ, ਜਿਨ੍ਹਾਂ ਬੈਂਕਾਂ ਦੇ ਅੰਕੜੇ ਉਮੀਦਾਂ ਤੋਂ ਕਮਜ਼ੋਰ ਰਹੇ, ਉੱਥੇ ਨਿਵੇਸ਼ਕਾਂ ਨੇ ਵਿਕਵਾਲੀ ਨੂੰ ਤਰਜੀਹ ਦਿੱਤੀ।

