
ਜਪਾਨ ਦਾ ਯੇਨ ਹੋਵੇਗਾ ਹੋਰ ਕਮਜ਼ੋਰ – ਭਾਰਤ ’ਤੇ ਵੀ ਪਵੇਗਾ ਅਸਰ
ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਦੇ ਪ੍ਰਮੁੱਖ ਨਿਵੇਸ਼ ਬੈਂਕ ਗੋਲਡਮੈਨ ਸੇਕਸ ਦੀ ਨਵੀਂ ਰਿਪੋਰਟ ਨੇ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਹਲਚਲ ਮਚਾ ਦਿੱਤੀ ਹੈ। ਰਿਪੋਰਟ ਮੁਤਾਬਕ, ਜਪਾਨੀ ਯੇਨ ਦੀਆਂ ਮੁਸ਼ਕਲਾਂ ਅਜੇ ਖਤਮ ਨਹੀਂ ਹੋਈਆਂ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਇਹ ਅਮਰੀਕੀ ਡਾਲਰ ਦੇ ਮੁਕਾਬਲੇ ਹੋਰ ਕਮਜ਼ੋਰ ਹੋ ਸਕਦਾ ਹੈ। ਉੱਧਰ, ਅਮਰੀਕੀ ਡਾਲਰ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਊਰਜਾ ਖੇਤਰ ਤੋਂ ਐਸੀ ਮਜ਼ਬੂਤੀ ਮਿਲ ਰਹੀ ਹੈ, ਜੋ ਇਸ ਨੂੰ ਹੋਰ ਮੁਦਰਾਵਾਂ ਦੇ ਮੁਕਾਬਲੇ ਮਜ਼ਬੂਤ ਬਣਾਈ ਰੱਖ ਸਕਦੀ ਹੈ। ਸੌਖੀ ਭਾਸ਼ਾ ਵਿੱਚ ਕਹੀਏ ਤਾਂ ਦੁਨੀਆ ਵਿੱਚ ਇੱਕ ਵੱਡੀ ਕਰੰਸੀ ਜੰਗ ਸ਼ੁਰੂ ਹੋ ਚੁੱਕੀ ਹੈ। ਇੱਕ ਪਾਸੇ ਅਮਰੀਕਾ ਹੈ, ਜਿੱਥੇ ਉੱਚੀਆਂ ਵਿਆਜ ਦਰਾਂ, ਮਜ਼ਬੂਤ ਅਰਥ-ਵਿਵਸਥਾ ਅਤੇ ਏ.ਆਈ. ਵਿੱਚ ਵੱਡੇ ਪੱਧਰ ’ਤੇ ਨਿਵੇਸ਼ ਹੋ ਰਿਹਾ ਹੈ। ਇਸਦੇ ਨਾਲ ਹੀ ਊਰਜਾ ਖੇਤਰ ਦੀ ਮਜ਼ਬੂਤ ਸਥਿਤੀ ਵੀ ਅਮਰੀਕੀ ਡਾਲਰ ਨੂੰ ਵਾਧੂ ਸਹਾਰਾ ਦੇ ਰਹੀ ਹੈ। ਇਸਦਾ ਅਸਰ ਭਾਰਤ ਸਮੇਤ ਦੁਨੀਆ ਦੀਆਂ ਕਈ ਅਰਥ-ਵਿਵਸਥਾਵਾਂ ਅਤੇ ਕਰੰਸੀ ਬਾਜ਼ਾਰਾਂ ’ਤੇ ਵੀ ਪੈ ਸਕਦਾ ਹੈ।

