23.1 C
Toronto
Wednesday, June 10, 2026
spot_img
HomeਕੈਨੇਡਾFrontਛੱਤਬੀਰ ਚਿੜੀਆਘਰ ਸਕੂਲ ਕਲੱਬ ਵਿੱਚ ਚਾਰ ਸਾਲਾਂ ਦੌਰਾਨ 4,850 ਸਕੂਲ ਹੋਏ ਰਜਿਸਟਰ,...

ਛੱਤਬੀਰ ਚਿੜੀਆਘਰ ਸਕੂਲ ਕਲੱਬ ਵਿੱਚ ਚਾਰ ਸਾਲਾਂ ਦੌਰਾਨ 4,850 ਸਕੂਲ ਹੋਏ ਰਜਿਸਟਰ, 4.2 ਲੱਖ ਤੋਂ ਵੱਧ ਵਿਦਿਆਰਥੀ ਨੇ ਲਿਆ ਹਿੱਸਾ

ਚੰਡੀਗੜ੍ਹ, 10 ਜੂਨ:ਜੀਵਾਂ ਦੀ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਆਪਣੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਦਿਆਂ, ਸ੍ਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਛੱਤਬੀਰ ਚਿੜੀਆਘਰ ਸਕੂਲ ਕਲੱਬ ਨੇ ਹੁਣ ਤੱਕ 4,850 ਸਕੂਲ ਰਜਿਸਟਰ ਕੀਤੇ ਹਨ, ਜਿਨ੍ਹਾਂ ਵਿੱਚ ਪੂਰੇ ਖੇਤਰ ਦੇ 2,050 ਪ੍ਰਾਈਵੇਟ ਅਤੇ 2,800 ਸਰਕਾਰੀ ਸਕੂਲ ਸ਼ਾਮਿਲ ਹਨ।

ਪਿਛਲੇ ਚਾਰ ਅਕਾਦਮਿਕ ਸਾਲਾਂ ਦੌਰਾਨ, ਕਲੱਬ ਵਿੱਚ ਗਾਈਡਡ ਟੂਰ, ਜੰਗਲੀ ਜੀਵ ਵਰਕਸ਼ਾਪਾਂ ਅਤੇ ਈਕੋ-ਲਰਨਿੰਗ ਪ੍ਰੋਗਰਾਮਾਂ ਰਾਹੀਂ ਕੁੱਲ 4,21,079 ਵਿਦਿਆਰਥੀ ਸ਼ਾਮਿਲ ਹੋਏ।

ਸ਼ੁਰੂਆਤ ਵਿੱਚ 2022-23 ਦੌਰਾਨ 83,049 ਵਿਦਿਆਰਥੀਆਂ ਨੇ ਹਿੱਸਾ ਲਿਆ, 2023-24 ਵਿੱਚ ਇਹ ਗਿਣਤੀ 1,37,011 ਤੱਕ ਪਹੁੰਚ ਗਈ, ਜੋ ਕਿ ਸਾਲ-ਦਰ-ਸਾਲ 65 ਫ਼ੀਸਦੀ ਵਾਧੇ ਨੂੰ ਦਰਸਾਉਂਦਾ ਹੈ। 2024-25 ਵਿੱਚ 1,11,731 ਵਿਦਿਆਰਥੀ ਸ਼ਾਮਲ ਹੋਏ ਅਤੇ ਮੌਜੂਦਾ ਅਕਾਦਮਿਕ ਸਾਲ 2025-26 ਦੌਰਾਨ, 31 ਮਾਰਚ 2025 ਤੋਂ ਲੈ ਕੇ ਅਪਰੈਲ 1, 2026 ਤੱਕ ਕਲੱਬ ਵਿੱਚ ਪਹਿਲਾਂ ਹੀ 89,288 ਵਿਦਿਆਰਥੀ ਰਜਿਸਟਰ ਹੋ ਚੁੱਕੇ ਹਨ। 2023-24 ਤੋਂ ਬਾਅਦ ਆਈ ਮਾਮੂਲੀ ਗਿਰਾਵਟ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਦਰਜ ਕੀਤੀ ਗਈ ਹੈ।

ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚੋਂ ਲਗਭਗ ਬਰਾਬਰ ਗਿਣਤੀ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਤਜਰਬੇ ਆਧਾਰਿਤ ਸਿੱਖਿਆ ਅਤੇ ਵਾਤਾਵਰਣ ਸੰਭਾਲ ਪ੍ਰਤੀ ਦ੍ਰਿੜ੍ਹ  ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।

ਸਕੂਲ ਕਲੱਬ ਸਦਕਾ ਚਿੜੀਆਘਰ ਹੁਣ ਮਨੋਰੰਜਨ ਵਾਲੇ ਸਥਾਨਾਂ ਦੇ ਨਾਲ ਨਾਲ ਲਿਵਿੰਗ ਕਲਾਸਰੂਮਾਂ ਵਿੱਚ ਬਦਲ ਰਹੇ ਹਨ। ਕਲੱਬ ਵਿੱਚ ਹੁਣ 4,850 ਸਕੂਲ ਸ਼ਾਮਿਲ ਹੋ ਗਏ ਹਨ ਅਤੇ ਇਹਨਾਂ ਵਿਦਿਆਰਥੀਆਂ ਨੂੰ ਜੀਵਾਂ ਦੀ ਦੇਖਭਾਲ ਬਾਰੇ ਸਿਖਲਾਈ ਦੇ ਕੇ ਜੰਗਲੀ ਜੀਵ ਰੱਖਿਅਕਾਂ ਦੀ ਅਗਲੀ ਪੀੜ੍ਹੀ ਸਿਰਜਣ ਲਈ ਯਤਨ ਕੀਤੇ ਜਾ ਰਹੇ ਹਨ।

ਛੱਤਬੀੜ ਚਿੜੀਆਘਰ ਸਕੂਲ ਕਲੱਬ ਵੱਲੋਂ ਮੈਂਬਰ ਸਕੂਲਾਂ ਲਈ ਪੂਰੇ ਸਾਲ ਪਾਠਕ੍ਰਮ ਨਾਲ ਜੁੜੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ, ਮਾਹਿਰਾਂ ਦੀ ਅਗਵਾਈ ਵਾਲੇ ਸੈਸ਼ਨ ਕਰਵਾਏ ਜਾਂਦੇ ਹਨ ਅਤੇ ਵਿਹਾਰਕ ਨੇਚਰ ਕੈਂਪ ਲਗਾਏ ਜਾਂਦੇ ਹਨ।

RELATED ARTICLES
POPULAR POSTS