ਵਿਸ਼ਵ ਸ਼ਾਂਤੀ ਲਈ ਵੱਡਾ ਦਿਨ : ਡੋਨਾਲਡ ਟਰੰਪ
ਇਜ਼ਰਾਈਲ ਨੇ ਵੀ ਜੰਗਬੰਦੀ ਦਾ ਕੀਤਾ ਸਵਾਗਤ
ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ‘ਤੇ ਵਿਨਾਸ਼ਕਾਰੀ ਹਮਲੇ ਕਰਨ ਦੀਆਂ ਆਪਣੀਆਂ ਧਮਕੀਆਂ 8 ਅਪ੍ਰੈਲ ਨੂੰ ਵਾਪਸ ਲੈ ਲਈਆਂ ਹਨ। ਅਮਰੀਕਾ ਅਤੇ ਇਰਾਨ ਦੋ ਹਫਤਿਆਂ ਦੀ ਜੰਗਬੰਦੀ ਲਈ ਸਹਿਮਤ ਹੋਏ ਹਨ, ਜਿਸ ਵਿਚ ਹੋਰਮੁਜ਼ ਦੇ ਜਲਮਾਰਗ ਨੂੰ ਮੁੜ ਖੋਲ੍ਹਣਾ ਵੀ ਸ਼ਾਮਲ ਹੈ। ਟਰੰਪ ਨੇ ਤਹਿਰਾਨ ਨੂੰ ਦਿੱਤੀ ਗਈ ਸਮਾਂ ਸੀਮਾ ਖਤਮ ਹੋਣ ਤੋਂ ਦੋ ਘੰਟੇ ਪਹਿਲਾਂ ਜੰਗ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਇਰਾਨ ਦੀ ਸੁਪਰੀਮ ਨੈਸ਼ਨਲ ਸਕਿਉਰਿਟੀ ਕੌਂਸਲ ਨੇ ਜੰਗਬੰਦੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਹ ਅਮਰੀਕਾ ਨਾਲ ਗੱਲਬਾਤ ਸ਼ੁਰੂ ਕਰੇਗੀ। ਇਸੇ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਇਜ਼ਰਾਈਲ ਇਸ ਜੰਗਬੰਦੀ ਦਾ ਸਮਰਥਨ ਕਰਦਾ ਹੈ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਕਿਹਾ ਕਿ ਵਿਸ਼ਵ ਸ਼ਾਂਤੀ ਲਈ ਇਹ ਇਕ ਵੱਡਾ ਦਿਨ ਹੈ। ਉਨ੍ਹਾਂ ਕਿਹਾ ਕਿ ਇਰਾਨ ਹੁਣ ਟਕਰਾਅ ਤੋਂ ਥੱਕ ਗਿਆ ਹੈ ਅਤੇ ਸ਼ਾਂਤੀ ਚਾਹੁੰਦਾ ਹੈ। ਟਰੰਪ ਨੇ ਇਹ ਵੀ ਕਿਹਾ ਕਿ ਹੋਰ ਧਿਰਾਂ ਵੀ ਤਣਾਅ ਖਤਮ ਕਰਨ ਦੇ ਹੱਕ ਵਿਚ ਹਨ। ਟਰੰਪ ਨੇ ਦਾਅਵਾ ਕੀਤਾ ਕਿ ਭਵਿੱਖ ਵਿਚ ਕਈ ਸਕਾਰਾਤਮਕ ਕਦਮ ਚੁੱਕੇ ਜਾਣਗੇ, ਜਿਸ ਨਾਲ ਆਰਥਿਕ ਗਤੀਵਿਧੀਆਂ ਵਿਚ ਵਾਧਾ ਹੋਵੇਗਾ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਇਹ ਸਮਾਂ ਮੱਧ ਪੂਰਬ ਲਈ ‘ਸੁਨਹਿਰੀ ਯੁੱਗ’ ਦੀ ਸ਼ੁਰੂਆਤ ਸਾਬਤ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ-ਅਮਰੀਕਾ ਅਤੇ ਇਰਾਨ ਵਿਚਾਲੇ ਪਿਛਲੇ 40 ਦਿਨਾਂ ਤੋਂ ਜੰਗ ਚੱਲ ਰਹੀ ਸੀ। ਇਸ ਜੰਗਬੰਦੀ ਦੇ ਐਲਾਨ ਦੇ ਬਾਵਜੂਦ ਤਹਿਰਾਨ ਦੀਆਂ ਸੜਕਾਂ ‘ਤੇ ਸਰਕਾਰ ਪੱਖੀ ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਅਤੇ ਇਜ਼ਰਾਈਲ ਵਿਰੁੱਧ ਨਾਅਰੇਬਾਜ਼ੀ ਕੀਤੀ। ਜੰਗ ਸ਼ੁਰੂ ਹੋਣ ਤੋਂ ਹੁਣ ਤੱਕ ਇਰਾਨ ਵਿੱਚ 1900 ਤੋਂ ਵੱਧ ਅਤੇ ਲਿਬਨਾਨ ਵਿੱਚ 1500 ਤੋਂ ਵੱਧ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ, ਜਦਕਿ ਲੱਖਾਂ ਲੋਕ ਬੇਘਰ ਹੋਏ ਹਨ। ਖਾੜੀ ਦੇਸ਼ਾਂ ਵਿੱਚ ਵੀ ਮਿਜ਼ਾਈਲ ਅਲਰਟ ਜਾਰੀ ਹਨ ਅਤੇ ਅਬੂਧਾਬੀ ਵਿੱਚ ਇੱਕ ਗੈਸ ਪਲਾਂਟ ਨੂੰ ਅੱਗ ਲੱਗਣ ਦੀਆਂ ਖ਼ਬਰਾਂ ਹਨ। ਅਮਰੀਕੀ ਫੌਜ ਨੇ ਫਿਲਹਾਲ ਹਮਲਾਵਰ ਕਾਰਵਾਈਆਂ ਰੋਕ ਦਿੱਤੀਆਂ ਹਨ ਪਰ ਰੱਖਿਆਤਮਕ ਕਾਰਵਾਈਆਂ ਜਾਰੀ ਰੱਖਣ ਦੀ ਗੱਲ ਕਹੀ ਹੈ।
ਭਾਰਤ ਨੇ ਅਮਰੀਕਾ-ਇਰਾਨ ਜੰਗਬੰਦੀ ਦਾ ਕੀਤਾ ਸਵਾਗਤ
ਨਵੀਂ ਦਿੱਲੀ : ਭਾਰਤ ਨੇ ਅਮਰੀਕਾ ਅਤੇ ਇਰਾਨ ਵਿਚਾਲੇ ਹੋਈ ਜੰਗਬੰਦੀ ਦਾ ਸਵਾਗਤ ਕੀਤਾ ਹੈ। ਭਾਰਤ ਨੇ ਉਮੀਦ ਜਤਾਈ ਕਿ ਇਹ ਕਦਮ ਪੱਛਮੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਦਾ ਰਾਹ ਪੱਧਰਾ ਕਰੇਗਾ। ਇਸ ਦੇ ਨਾਲ ਹੀ ਭਾਰਤ ਨੇ ਦੋਵਾਂ ਦੇਸ਼ਾਂ ਵਿਚਾਲੇ ਲਗਾਤਾਰ ਗੱਲਬਾਤ ਅਤੇ ਕੂਟਨੀਤਕ ਰਿਸ਼ਤਿਆਂ ਨੂੰ ਬਣਾਏ ਰੱਖਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਇੱਕ ਅਧਿਕਾਰਤ ਬਿਆਨ ਵਿੱਚ ਭਾਰਤ ਸਰਕਾਰ ਨੇ ਦੁਹਰਾਇਆ ਕਿ ਸੰਘਰਸ਼ ਨੂੰ ਖਤਮ ਕਰਨ ਲਈ ਤਣਾਅ ਘਟਾਉਣਾ, ਗੱਲਬਾਤ ਅਤੇ ਕੂਟਨੀਤੀ ਜ਼ਰੂਰੀ ਹੈ।
ਇਰਾਨ ਨੇ ਅਮਰੀਕਾ ‘ਤੇ ਜੰਗਬੰਦੀ ਦੀਆਂ ਸ਼ਰਤਾਂ ਤੋੜਨ ਦੇ ਲਗਾਏ ਇਲਜ਼ਾਮ
ਨਵੀਂ ਦਿੱਲੀ : ਇਰਾਨ ਨੇ ਅਮਰੀਕਾ ‘ਤੇ ਜੰਗਬੰਦੀ ਦੀਆਂ ਅਹਿਮ ਸ਼ਰਤਾਂ ਤੋੜਨ ਦਾ ਇਲਜ਼ਾਮ ਲਗਾਇਆ ਹੈ। ਇਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਕੇਰ ਗਾਲਿਬਾਫ ਨੇ ਕਿਹਾ ਕਿ ਅਮਰੀਕਾ ਨੇ ਬੁਨਿਆਦੀ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਇਰਾਨ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਜਿਸ ਅਧਾਰ ‘ਤੇ ਗੱਲਬਾਤ ਹੋਣੀ ਸੀ, ਉਹ ਪਹਿਲਾਂ ਹੀ ਟੁੱਟ ਚੁੱਕੀ ਹੈ। ਅਜਿਹੇ ਵਿਚ ਹੁਣ ਗੱਲਬਾਤ ਜਾਂ ਜੰਗਬੰਦੀ ਤਰਕਸੰਗਤ ਨਹੀਂ ਰਹਿ ਗਈ। ਉਧਰ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜਦੋਂ ਤੱਕ ਇਰਾਨ ਨਾਲ ਹੋਇਆ ਸਮਝੌਤਾ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਹੁੰਦਾ, ਉਦੋਂ ਤੱਕ ਅਮਰੀਕਾ ਫੌਜ ਇਰਾਨ ਦੇ ਨੇੜੇ ਤੈਨਾਤ ਰਹੇਗੀ। ਟਰੰਪ ਨੇ ਸ਼ੋਸ਼ਲ ਮੀਡੀਆ ‘ਤੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਸਮਝੌਤੇ ਦਾ ਪਾਲਣ ਨਾ ਹੋਇਆ ਤਾਂ ਫਿਰ ਤੋਂ ਗੋਲੀਬਾਰੀ ਸ਼ੁਰੂ ਹੋ ਸਕਦੀ ਹੈ ਅਤੇ ਜੋ ਪਹਿਲਾਂ ਨਾਲੋਂ ਜ਼ਿਆਦਾ ਤਾਕਤਵਰ ਅਤੇ ਵਿਨਾਸ਼ਕਾਰੀ ਹੋਵੇਗੀ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਸਦੀ ਸੰਭਾਵਨਾ ਬਹੁਤ ਘੱਟ ਹੈ, ਪਰ ਅਮਰੀਕਾ ਪੂਰੀ ਤਰ੍ਹਾਂ ਤਿਆਰ ਹੈ।

