ਦਿਵਿਆਂਗਾਂ ਦਾ ਮਜ਼ਾਕ ਉਡਾਉਣ ਦਾ ਕ੍ਰਿਕਟਰਾਂ ‘ਤੇ ਲੱਗਿਆ ਆਰੋਪ
ਨਵੀਂ ਦਿੱਲੀ : ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਗਈ ਵੀਡੀਓ ‘ਚ ਦਿਵਿਆਂਗਾਂ ਦਾ ‘ਮਜ਼ਾਕ’ ਉਡਾਉਣ ਦੇ ਮਾਮਲੇ ਵਿੱਚ ਪੁਲਿਸ ਕੋਲ ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਯੁਵਰਾਜ ਸਿੰਘ, ਸੁਰੇਸ਼ ਰੈਨਾ ਅਤੇ ਗੁਰਕੀਰਤ ਮਾਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਨੈਸ਼ਨਲ ਸੈਂਟਰ ਫਾਰ ਪ੍ਰਮੋਸ਼ਨ ਆਫ ਐਂਪਲਾਇਮੈਂਟ ਫਾਰ ਡਿਸਏਬਲਡ (ਐੱਨਸੀਪੀਈਡੀਪੀ) ਦੇ ਪ੍ਰਧਾਨ ਅਰਮਾਨ ਅਲੀ ਨੇ ਅਮਰ ਕਾਲੋਨੀ ਥਾਣੇ ਦੇ ਇੰਚਾਰਜ ਕੋਲ ਇਹ ਸ਼ਿਕਾਇਤ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਮੈਟਾ ਇੰਡੀਆ ਦੀ ਮੀਤ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਸੰਧਿਆ ਦੇਵਨਾਥਨ ਖਿਲਾਫ ਵੀ ਸ਼ਿਕਾਇਤ ਦਰਜ ਕਰਵਾਈ ਹੈ। ਅਲੀ ਨੇ ਸ਼ਿਕਾਇਤ ‘ਚ ਸੋਸ਼ਲ ਮੀਡੀਆ ਪਲੇਟਫਾਰਮ ‘ਇੰਸਟਾਗ੍ਰਾਮ’ ਦੀ ਮਾਲਕੀ ਵਾਲੀ ਕਪੰਨੀ ਮੈਟਾ ‘ਤੇ ਅਜਿਹੀ ਵੀਡੀਓ ਸਾਂਝੀ ਕਰ ਕੇ ਸੂਚਨਾ ਤਕਨਾਲੋਜੀ ਐਕਟ 2000 ਦੀ ਉਲੰਘਣਾ ਕਰਨ ਦਾ ਆਰੋਪ ਲਾਇਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਮਰ ਕਾਲੋਨੀ ਥਾਣੇ ਵਿੱਚ ਸ਼ਿਕਾਇਤ ਮਿਲ ਗਈ ਹੈ ਅਤੇ ਇਸ ਨੂੰ ਅਗਲੀ ਜਾਂਚ ਲਈ ਸਾਈਬਰ ਸੈੱਲ ਨੂੰ ਭੇਜਿਆ ਜਾਵੇਗਾ। ਵਿਸ਼ਵ ਕੱਪ ਲੀਜੈਂਡਜ਼ ਫਾਈਨਲ ਵਿੱਚ ‘ਇੰਡੀਆ ਚੈਂਪੀਅਨਜ਼’ ਵੱਲੋਂ ‘ਪਾਕਿਸਤਾਨ ਚੈਂਪੀਅਨਜ਼’ ਨੂੰ ਪੰਜ ਵਿਕਟਾਂ ਨਾਲ ਹਰਾਉਣ ਤੋਂ ਬਾਅਦ ਸਾਬਕਾ ਕ੍ਰਿਕਟਰਾਂ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝੀ ਕੀਤੀ ਸੀ। ਵੀਡੀਓ ਵਿੱਚ ਯੁਵਰਾਜ ਸਿੰਘ, ਹਰਭਜਨ ਸਿੰਘ ਅਤੇ ਰੈਨਾ ਪਿੱਠ ‘ਤੇ ਹੱਥ ਰੱਖ ਕੇ ਅਤੇ ਲੰਗੜਾ ਕੇ ਚੱਲਦੇ ਦਿਖਾਈ ਦੇ ਰਹੇ ਹਨ। ਵੀਡੀਓ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ, ”15 ਦਿਨਾਂ ਦੀ ‘ਲੀਜੈਂਡ ਕ੍ਰਿਕਟ’ ਮਗਰੋਂ ਸਰੀਰ ਦੀ ‘ਤੌਬਾ ਤੌਬਾ’ ਹੋ ਗਈ। ਸਰੀਰ ਦਾ ਹਰ ਅੰਗ ਦੁੱਖ ਰਿਹਾ ਹੈ। ਅਲੀ ਨੇ ਸ਼ਿਕਾਇਤ ਵਿੱਚ ਕਿਹਾ, ”ਇਹ ਵੀਡੀਓ ਭਾਰਤੀ ਸੰਵਿਧਾਨ ਦੀ ਧਾਰਾ 21 ਦੀ ਉਲੰਘਣਾ ਹੈ, ਜੋ ਹਰ ਵਿਅਕਤੀ ਨੂੰ ਸਨਮਾਨ ਨਾਲ ਜਿਊਣ ਦਾ ਅਧਿਕਾਰ ਦਿੰਦੀ ਹੈ।”