
ਹਾਈਕੋਰਟ ਨੇ ਕਿਹਾ : ਸਰਕਾਰੀ ਵਕੀਲ ਦੋਸ਼ ਸਾਬਿਤ ਕਰਨ ’ਚ ਰਹੇ ਨਕਾਮ
ਮੁੰਬਈ/ਬਿਊਰੋ ਨਿਊਜ਼
ਮੁੰਬਈ ਵਿਚ 2006 ਦੇ ਸੀਰੀਅਲ ਟਰੇਨ ਬਲਾਸਟ ਮਾਮਲੇ ਵਿਚ ਹਾਈਕੋਰਟ ਨੇ ਅੱਜ ਸੋਮਵਾਰ ਨੂੰ ਸਾਰੇ 12 ਆਰੋਪੀਆਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਆਰੋਪੀਆਂ ਦੇ ਖਿਲਾਫ ਸਰਕਾਰੀ ਵਕੀਲ ਦੋਸ਼ ਸਾਬਤ ਕਰਨ ਵਿਚ ਨਾਕਾਮ ਰਹੇ ਹਨ। ਹਾਈਕੋਰਟ ਨੇ ਕਿਹਾ ਕਿ ਇਹ ਮੰਨਣਾ ਮੁਸ਼ਕਲ ਹੈ ਕਿ ਆਰੋਪੀਆਂ ਨੇ ਅਪਰਾਧ ਕੀਤਾ ਹੈ ਅਤੇ ਇਸ ਲਈ ਹੀ ਉਨ੍ਹਾਂ ਨੂੰ ਬਰੀ ਕੀਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਜੇਕਰ ਉਹ ਕਿਸੇ ਦੂਜੇ ਮਾਮਲੇ ਵਿਚ ਲੋੜੀਂਦੇ ਨਹੀਂ ਹਨ ਤਾਂ ਉਨ੍ਹਾਂ ਨੂੰ ਤੁਰੰਤ ਜੇਲ੍ਹ ਵਿਚੋਂ ਰਿਹਾਅ ਕੀਤਾ ਜਾਵੇ। ਜ਼ਿਕਰਯੋਗ ਹੈ ਕਿ 11 ਜੁਲਾਈ 2006 ਦੀ ਸ਼ਾਮ ਨੂੰ ਮੁੰਬਈ ਦੀ ਲੋਕਲ ਟਰੇਨ ਵਿਚ ਸਿਰਫ 11 ਮਿੰਟਾਂ ਦੇ ਅੰਦਰ 7 ਵੱਖ-ਵੱਖ ਥਾਵਾਂ ’ਤੇ ਬੰਬ ਧਮਾਕੇ ਹੋਏ ਸਨ। ਇਸ ਘਟਨਾ ਵਿਚ 189 ਵਿਅਕਤੀਆਂ ਦੀ ਜਾਨ ਚਲੇ ਗਈ ਸੀ, ਜਦੋਂ ਕਿ 800 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਸਨ। ਇਹ ਧਮਾਕੇ ਫਸਟ ਕਲਾਸ ਕੋਚਾਂ ’ਚ ਹੋਏ ਸਨ। ਇਹ ਵੀ ਦੱਸਣਯੋਗ ਹੈ ਕਿ ਇਸ ਘਟਨਾ ਤੋਂ 19 ਸਾਲ ਬਾਅਦ ਇਹ ਫੈਸਲਾ ਆਇਆ ਹੈ।

