ਵਿਸ਼ਵ ਭਰ ‘ਚ ਕਰੋਨਾ ਪੀੜਤਾਂ ਦੀ ਗਿਣਤੀ 14 ਲੱਖ ਤੋਂ ਪਾਰ
ਮੌਤ ਦਾ ਅੰਕੜਾ ਵੀ 83 ਹਜ਼ਾਰ ਤੋਂ ਟੱਪਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਦੀ ਮਾਰ ਸਹਿੰਦਿਆਂ ਜਿੱਥੇ ਖਬਰ ਲਿਖੇ ਜਾਣ ਤੱਕ ਵਿਸ਼ਵ ਭਰ ‘ਚ ਕਰੋਨਾ ਪੀੜਤਾਂ ਦੀ ਗਿਣਤੀ 14 ਲੱਖ 47 ਹਜ਼ਾਰ ਤੋਂ ਪਾਰ ਜਾ ਚੁੱਕੀ ਹੈ, ਉਥੇ ਹੀ 83 ਹਜ਼ਾਰ 400 ਤੋਂ ਵੱਧ ਮੌਤਾਂ ਹੋ ਚੁੱਕੀਆਂ ਸਨ ਤੇ ਸੰਸਾਰ ਭਰ ‘ਚੋਂ ਸਭ ਤੋਂ ਵੱਧ ਪੀੜਤ ਮਰੀਜ਼ ਅਮਰੀਕਾ ਵਿਚ ਹਨ। ਜਿੱਥੇ 4 ਲੱਖ 500 ਤੋਂ ਵੱਧ ਪੀੜਤ ਤੇ 12 ਹਜ਼ਾਰ 860 ਤੋਂ ਵੱਧ ਲੋਕ ਜਾਨ ਗੁਆ ਚੁੱਕੇ ਹਨ। ਮੌਤਾਂ ਦੇ ਮਾਮਲੇ ਵਿਚ ਇਟਲੀ ਸਭ ਤੋਂ ਅੱਗੇ ਜਿੱਥੇ 17 ਹਜ਼ਾਰ ਤੋਂ ਵੱਧ ਇਸ ਮਹਾਂਮਾਰੀ ਕਾਰਨ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਬਾਅਦ ਸਪੇਨ 14 ਹਜ਼ਾਰ 500 ਤੋਂ ਵੱਧ, ਫਿਰ ਅਮਰੀਕਾ 12 ਹਜ਼ਾਰ 800 ਤੋਂ ਵੱਧ, ਫਿਰ ਫਰਾਂਸ 10 ਹਜ਼ਾਰ ਤੋਂ ਵੱਧ, ਯੂ ਕੇ ‘ਚ 6 ਹਜ਼ਾਰ ਤੋਂ ਵੱਧ ਕਰੋਨਾ ਕਾਰਨ ਲੋਕ ਜਾਨ ਗੁਆ ਚੁੱਕੇ ਹਨ। ਭਾਰਤ ਵਿਚ ਵੀ ਪੀੜਤਾਂ ਦੀ ਗਿਣਤੀ ਜਿੱਥੇ 5 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ, ਉਥੇ ਹੀ ਮੌਤ ਦਾ ਅੰਕੜਾ ਵੀ 150 ਨੂੰ ਟੱਪ ਚੁੱਕਿਆ ਹੈ। ਖਬਰ ਪੜ੍ਹੇ ਜਾਣ ਤੱਕ ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ 5500 ਤੋਂ ਪਾਰ ਹੋ ਗਈ ਹੈ, ਉਥੇ ਹੀ 176 ਵਿਅਕਤੀਆਂ ਦੀ ਕਰੋਨਾ ਵਾਇਰਸ ਨੇ ਜਾਨ ਲੈ ਲਈ ਹੈ। ਕੇਂਦਰ ਸਰਕਾਰ ਦੀਆਂ ਤਿਆਰੀਆਂ ਤੋਂ ਸੰਕੇਤ ਮਿਲਣ ਲੱਗਾ ਹੈ ਕਿ ਭਾਰਤ ਵਿਚ ਲਾਕਡਾਊਨ ਦੀ ਸਥਿਤੀ ਮਈ ਦੇ ਅੰਤ ਤੱਕ ਜਾਵੇਗੀ ਤੇ ਸਕੂਲ-ਕਾਲਜ ਖੁੱਲ੍ਹਣ ਦੀ ਸੰਭਾਵਨਾ ਜੂਨ ਤੋਂ ਬਾਅਦ ਹੀ ਨਜ਼ਰ ਆਉਂਦੀ ਹੈ।