ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਮੰਤਰੀ ਮੰਡਲ ’ਚ ਕੀਤਾ ਫੇਰਬਦਲ
ਆਤਿਸ਼ੀ ਨੂੰ ਮਿਲੇ ਸੇਵਾ ਅਤੇ ਚੌਕਸੀ ਵਿਭਾਗ, ਮਨਜ਼ੂਰੀ ਲਈ ਫਾਈਲ ਉਪ ਰਾਜਪਾਲ ਨੂੰ ਭੇਜੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਆਪਣੇ ਮੰਤਰੀ ਮੰਡਲ ਵਿਚ ਫੇਰ ਬਦਲ ਕੀਤਾ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਆਤਿਸ਼ੀ ਨੂੰ ਸੇਵਾ ਅਤੇ ਚੌਕਸੀ ਵਿਭਾਗ ਦਿੱਤੇ ਹਨ। ਇਸ ਤੋਂ ਪਹਿਲਾਂ ਕੇਜਰੀਵਾਲ ਸਰਕਾਰ ’ਚ ਹੁਣ ਤੱਕ ਸਿਹਤ ਮੰਤਰੀ ਸੌਰਭ ਭਾਰਦਵਾਜ ਹੀ ਇਹ ਦੋਵੇਂ ਵਿਭਾਗ ਸੰਭਾਲ ਰਹੇ ਸਨ। ਮੰਤਰੀ ਮੰਡਲ ’ਚ ਇਸ ਫੇਰਬਦਲ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਨਜ਼ੂਰੀ ਲਈ ਫ਼ਾਈਲ ਉਪ ਰਾਜਪਾਲ ਵੀ ਕੇ ਸਕਸੈਨਾ ਨੂੰ ਭੇਜ ਦਿੱਤੀ ਹੈ। ਇਸ ਤੋਂ ਪਹਿਲਾਂ ਲੰਘੇ ਜੂਨ ਮਹੀਨੇ ’ਚ ਕੇਜਰੀਵਾਲ ਸਰਕਾਰ ਨੇ ਮੰਤਰੀ ਮੰਡਲ ’ਚ ਫੇਰਬਦਲ ਕੀਤਾ ਗਿਆ ਸੀ, ਜਿਸ ਨੂੰ ਰਾਜਪਾਲ ਨੇ ਮਨਜ਼ੂਰੀ ਦੇ ਦਿੱਤੀ ਸੀ। ਜਿਸ ਤੋਂ ਬਾਅਦ ਆਤਿਸ਼ੀ ਨੂੰ ਮਾਲੀਆ, ਯੋਜਨਾ ਅਤੇ ਵਿੱਤ ਵਿਭਾਗਾਂ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਸੀ। ਜਦਕਿ ਇਸ ਤੋਂ ਪਹਿਲਾਂ ਇਹ ਤਿੰਨੋਂ ਵਿਭਾਗ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਕੋਲ ਸਨ। ਆਤਿਸ਼ੀ ਦਿੱਲੀ ਕੈਬਨਿਟ ’ਚ ਇਕਲੌਤੇ ਮਹਿਲਾ ਮੰਤਰੀ ਹਨ ਅਤੇ ਉਹ ਹੁਣ 14 ਵਿਭਾਗ ਸੰਭਾਲਣਗੇ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ’ਚ ਸਭ ਤੋਂ ਵੱਧ ਵਿਭਾਗਾਂ ਦਾ ਚਾਰਜ ਆਤਿਸ਼ੀ ਕੋਲ ਹੀ ਹੈ।