ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਖਿਲਾਫ਼ ਹੁਣ ਈਡੀ ਵੀ ਕਰੇਗੀ ਜਾਂਚ
ਈਡੀ ਨੇ ਵਿਜੀਲੈਂਸ ਬਿਊਰੋ ਕੋਲੋਂ ਸੋਨੀ ਨਾਲ ਸਬੰਧਤ ਮੰਗਿਆ ਰਿਕਾਰਡ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਖਿਲਾਫ਼ ਚੱਲ ਰਹੀ ਵਿਜੀਲੈਂਸ ਜਾਂਚ ’ਚ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਵੀ ਐਂਟਰੀ ਹੋ ਗਈ ਹੈ। ਈਡੀ ਨੇ ਓਪੀ ਸੋਨੀ ਨਾਲ ਜੁੜੀ ਜਾਂਚ ਅਤੇ ਦਸਤਾਵੇਜ਼ਾਂ ਦਾ ਰਿਕਾਰਡ ਵਿਜੀਲੈਂਸ ਕੋਲੋਂ ਮੰਗਿਆ ਹੈ ਅਤੇ ਹੁਣ ਈਡੀ ਵੀ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਓਪੀ ਸੋਨੀ ਖਿਲਾਫ਼ ਜਾਂਚ ਕਰੇਗੀ। ਧਿਆਨ ਰਹੇ ਕਿ ਲੰਘੀ 9 ਜੁਲਾਈ ਨੂੰ ਵਿਜੀਲੈਂਸ ਨੇ ਓਪੀ ਸੋਨੀ ਨੂੰ ਉਨ੍ਹਾਂ ਦੇ ਘਰ ਤੋਂ ਗਿ੍ਰਫਤਾਰ ਕੀਤਾ ਸੀ। ਵਿਜੀਲੈਂਸ ਨੇ ਪਹਿਲੀ ਵਾਰ ਸੋਨੀ ਨੂੰ 25 ਨਵੰਬਰ 2022 ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ। 8 ਮਹੀਨਿਆਂ ਦੀ ਜਾਂਚ ਮਗਰੋਂ ਅੰਮਿ੍ਰਤਸਰ ਵਿਜੀਲੈਂਸ ਨੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਐਂਟੀ ਕੁਰੱਪਸ਼ਨ ਐਕਟ ’ਚ ਕੇਸ ਦਰਜ ਹੋਣ ਤੋਂ ਤੁਰੰਤ ਬਾਅਦ ਓਪੀ ਸੋਨੀ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ। ਓਪੀ ਸੋਨੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 1 ਅਪ੍ਰੈਲ 2016 ਤੋਂ ਲੈ ਕੇ 31 ਮਾਰਚ 2022 ਤੱਕ 4 ਕਰੋੜ 52 ਲੱਖ ਰੁਪਏ ਸੀ ਜਦਕਿ ਉਨ੍ਹਾਂ ਦਾ ਖਰਚ 12 ਕਰੋੜ 48 ਲੱਖ ਰੁਪਏ ਸੀ। ਉਨ੍ਹਾਂ ਦਾ ਖਰਚਾ ਆਮਦਨ ਦੇ ਸਰੋਤਾਂ ਨਾਲੋਂ 7 ਕਰੋੜ 96 ਲੱਖ ਰੁਪਏ ਜ਼ਿਆਦਾ ਸੀ। ਇਸੇ ਦੌਰਾਨ ਸੋਨੀ ਨੇ ਆਪਣੀ ਪਤਨੀ ਸੁਮਨ ਸੋਨੀ ਅਤੇ ਬੇਟੇ ਰਾਘਵ ਸੋਨੀ ਦੇ ਨਾਮ ’ਤੇ ਸੰਪਤੀ ਵੀ ਖਰੀਦੀ ਸੀ। 2021 ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਮਗਰੋਂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾਾ ਦਿੱਤਾ ਗਿਆ ਸੀ।