ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਘਿਰੇ ਹੋਏ ਹਨ ‘ਆਪ’ ਦੇ ਸਾਬਕਾ ਮੰਤਰੀ ਸਤੇਂਦਰ ਜੈਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤੇਂਦਰ ਜੈਨ ਦੀ ਜ਼ਮਾਨਤ 24 ਜੁਲਾਈ ਤੱਕ ਵਧਾ ਦਿੱਤੀ ਹੈ। ਧਿਆਨ ਰਹੇ ਕਿ ਸਤੇਂਦਰ ਜੈਨ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਘਿਰੇ ਹੋਏ ਹਨ। ਇਹ ਮਾਮਲਾ ਜਸਟਿਸ ਏ.ਐਸ. ਬੋਪੱਨਾ ਅਤੇ ਜਸਟਿਸ ਐਮ.ਐਮ. ਸੁੰਦਰੇਸ਼ ਦੀ ਬੈਂਚ ਕੋਲ ਸੀ। ਜਿੱਥੇ ਸਤੇਂਦਰ ਜੈਨ ਵਲੋਂ ਪੇਸ਼ ਹੋਏ ਵਕੀਲ ਏ.ਐਸ. ਸਿੰਘਵੀ ਨੇ ਕਿਹਾ ਕਿ ਤਿੰਨ ਹਸਪਤਾਲਾਂ ਨੇ ਸਤੇਂਦਰ ਜੈਨ ਦੀ ਸਰਜਰੀ ਦੀ ਸਲਾਹ ਦਿੱਤੀ ਹੈ। ਵਕੀਲ ਸਿੰਘਵੀ ਨੇ ਕਿਹਾ ਕਿ ਉਨ੍ਹਾਂ ਨੂੰ ਜੈਨ ਦੀਆਂ ਮੈਡੀਕਲ ਰਿਪੋਰਟਾਂ ਦਾ ਇਕ ਸੈਟ ਲੰਘੀ 8 ਜੁਲਾਈ ਨੂੰ ਮਿਲਿਆ ਸੀ। ਈਡੀ ਦੇ ਅਸਿਸਟੈਂਟ ਸੌਲੀਸਿਟਰ ਨੇ ਇਨ੍ਹਾਂ ਰਿਪੋਰਟਾਂ ‘ਤੇ ਸ਼ੰਕਾ ਜ਼ਾਹਰ ਕੀਤੀ। ਜਿਸ ਤੋਂ ਬਾਅਦ ਜਸਟਿਸ ਬੋਪੱਨਾ ਨੇ ਸਿੰਘਵੀ ਤੋਂ ਸਾਰੀਆਂ 3 ਰਿਪੋਰਟਾਂ ਉਨ੍ਹਾਂ ਨੂੰ ਦੇਣ ਦੇ ਆਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 26 ਮਈ ਨੂੰ ਸੁਪਰੀਮ ਕੋਰਟ ਨੇ ਮੈਡੀਕਲ ਕੰਡੀਸ਼ਨ ਦੇ ਅਧਾਰ ‘ਤੇ ਸਤੇਂਦਰ ਜੈਨ ਨੂੰ 6 ਹਫਤਿਆਂ ਦੀ ਜ਼ਮਾਨਤ ਦਿੱਤੀ ਸੀ ਅਤੇ 11 ਜੁਲਾਈ ਨੂੰ ਉਨ੍ਹਾਂ ਦੀ ਜ਼ਮਾਨਤ ਦਾ ਆਖਰੀ ਦਿਨ ਸੀ।
ਧਿਆਨ ਰਹੇ ਕਿ ਸਤੇਂਦਰ ਜੈਨ 31 ਮਈ 2022 ਤੋਂ ਹਿਰਾਸਤ ਵਿਚ ਸਨ ਅਤੇ 6 ਅਪ੍ਰੈਲ ਨੂੰ ਦਿੱਲੀ ਹਾਈਕੋਰਟ ਤੋਂ ਜ਼ਮਾਨਤ ਅਰਜ਼ੀ ਖਾਰਜ ਹੋਣ ਤੋਂ ਬਾਅਦ ਉਨ੍ਹਾਂ ਨੇ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਸੀ। ਜਿਥੋਂ ਉਨ੍ਹਾਂ ਨੂੰ 360 ਦਿਨਾਂ ਬਾਅਦ 42 ਦਿਨਾਂ ਦੀ ਜ਼ਮਾਨਤ ਮਿਲੀ ਸੀ। ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਜੈਨ ਨੂੰ ਮਿਲਣ ਲਈ ਹਸਪਤਾਲ ਪਹੁੰਚੇ ਸਨ।