ਸੰਸਦ ਕੰਪਲੈਕਸ ‘ਚ ਵੀਡੀਓ ਬਣਾਉਣ ‘ਤੇ ਲੋਕ ਸਭਾ ਦੇ ਸਪੀਕਰ ਦਾ ਹੁਕਮ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਹਾਸ ਕਲਾਕਾਰ ਭਗਵੰਤ ਮਾਨ ਨੂੰ ਹਾਲੇ ਦੋ ਹਫਤੇ ਹੋਰ ਸੰਸਦ ਦੀ ਕਾਰਵਾਈ ਤੋਂ ਦੂਰ ਰੱਖਿਆ ਜਾਏਗਾ। ਸੰਸਦ ਕੰਪਲੈਕਸ ਦੇ ਅੰਦਰ ਕੀਤੀ ਗਈ ਵੀਡੀਓ ਰਿਕਾਰਡਿੰਗ ਦੇ ਮਾਮਲੇ ਵਿਚ ਲੋਕ ਸਭਾ ਦੇ ਸਪੀਕਰ ਨੇ ਉਨ੍ਹਾਂ ਨੂੰ ਇਸ ਸਬੰਧ ਵਿਚ ਹੁਕਮ ਦਿੱਤਾ। ਇਸ ਦੇ ਬਾਅਦ ਮਾਨ ਨੇ ਸੰਸਦ ਕੰਪਲੈਕਸ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਕੋਲ ਧਰਨਾ ਦੇ ਕੇ ਇਸ ਫ਼ੈਸਲੇ ‘ਤੇ ਵਿਰੋਧ ਪ੍ਰਗਟਾਇਆ। ਜ਼ਿਕਰਯੋਗ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਸੰਸਦ ਦੇ ਅੰਦਰ ਵੀਡੀਓ ਰਿਕਾਰਡਿੰਗ ‘ਤੇ ਰੋਕ ਹੈ। ਲਿਹਾਜ਼ਾ, ਪੰਜਾਬ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦੇ ਮਾਮਲੇ ਵਿਚ ਲੋਕ ਸਭਾ ਦੇ ਸਪੀਕਰ ਨੇ ਸਦਨ ਨੂੰ ਸੂਚਿਤ ਕੀਤਾ ਕਿ ਮਾਨ ਮਾਮਲੇ ਦੀ ਜਾਂਚ ਕਰ ਰਹੀ ਨੌਂ ਮੈਂਬਰੀ ਕਮੇਟੀ ਦਾ ਕਾਰਜਕਾਲ ਉਨ੍ਹਾਂ ਨੇ 19 ਨਵੰਬਰ ਤੋਂ ਦੋ ਹਫਤੇ ਲਈ ਹੋਰ ਵਧਾ ਦਿੱਤਾ ਹੈ। ਪਹਿਲਾਂ ਚੱਲੀਆਂ ਬੈਠਕਾਂ ਵਿਚ ਮਾਨ ਨੂੰ ਮਾਫ਼ੀ ਮੰਗਣ ਲਈ ਕਿਹਾ ਗਿਆ ਸੀ ਪਰ ਉਹ ਇਸ ਦੇ ਲਈ ਤਿਆਰ ਨਹੀਂ ਸਨ। ਜਦਕਿ ਕਮੇਟੀ ਦੇ ਜ਼ਿਆਦਾਤਰ ਮੈਂਬਰਾਂ ਦਾ ਮੰਨਣਾ ਸੀ ਕਿ ਉਨ੍ਹਾਂ ਨੇ ਜਿਸ ਤਰ੍ਹਾਂ ਵੀਡੀਓ ਰਿਕਾਰਡਿੰਗ ਕਰਕੇ ਉਸ ਨੂੰ ਜਨਤਕ ਕੀਤਾ ਉਸ ਨਾਲ ਸੰਸਦ ਦੀ ਸੁਰੱਖਿਆ ਖ਼ਤਰੇ ਵਿਚ ਪੈ ਸਕਦੀ ਹੈ। ਮਹਾਜਨ ਨੇ ਕਿਹਾ ਕਿ ਜਾਂਚ ਪੂਰੀ ਹੋਣ ਤਕ ਉਹ ਸਦਨ ਦੀ ਕਾਰਵਾਈ ਵਿਚ ਸ਼ਾਮਲ ਨਾ ਹੋਣ। ਸਪੀਕਰ ਨੇ ਕਿਹਾ ਕਿ ਕਮੇਟੀ ਦੀ ਆਖਰੀ ਰਿਪੋਰਟ ਆਉਣ ‘ਤੇ ਹੀ ਇਸ ਮਾਮਲੇ ਵਿਚ ਫ਼ੈਸਲਾ ਕੀਤਾ ਜਾਏਗਾ। ਮਾਨ ਨੇ ਸੰਸਦ ਕੰਪਲੈਕਸ ਵਿਚ ਹੀ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਧਰਨਾ ਦਿੱਤਾ। ਉਨ੍ਹਾਂ ਨੇ ਤਖਤੀ ਵੀ ਫੜੀ ਹੋਈ ਸੀ, ਜਿਸ ‘ਤੇ ਲਿਖਿਆ ਸੀ, ‘ਮੋਦੀ ਮੇਰੇ ਸੇ ਡਰਤਾ ਹੈ। ਇਸ ਲੀਏ ਮੁਝੇ ਸੰਸਦ ਸੇ ਬਾਹਰ ਕਰਤਾ ਹੈ।’ ਧਰਨੇ ‘ਤੇ ਇਸ ਤਖਤੀ ਦੇ ਨਾਲ ਬੈਠੇ ਮਾਨ ਦੀ ਤਸਵੀਰ ਨੂੰ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਵੀ ਟਵਿੱਟਰ ‘ਤੇ ਸਾਂਝਾ ਕੀਤਾ।
Check Also
ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ
ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …