ਦੇਹਰਾਦੂਨ/ਬਿਊਰੋ ਨਿਊਜ਼
ਉਤਰਾਖੰਡ ਵਿਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਇਸਦੇ ਚੱਲਦਿਆਂ ਉਤਰਾਖੰਡ ਦੇ ਧਰਾਲੀ ਵਿਚ ਬੱਦਲ ਫਟਣ ਕਾਰਨ ਖੀਰ ਗੰਗਾ ਪਿੰਡ ਹੜ੍ਹ ਅਤੇ ਮਲਬੇ ਦੀ ਲਪੇਟ ਵਿਚ ਆ ਗਿਆ। ਜ਼ਿਲ੍ਹਾ ਮੈਜਿਸਟਰੇਟ ਪ੍ਰਸ਼ਾਂਤ ਆਰੀਆ ਨੇ ਦੱਸਿਆ ਹੈ ਕਿ ਧਰਾਲੀ ਵਿਚ ਹੁਣ ਤੱਕ 4 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਵਿਅਕਤੀ ਲਾਪਤਾ ਵੀ ਹਨ। ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਮਿਲੀ ਹੈ ਕਿ ਪਾਣੀ ਅਤੇ ਮਲਬਾ ਕਈ ਹੋਟਲਾਂ ਵਿਚ ਦਾਖਲ ਹੋ ਗਿਆ। ਇਹ ਵੀ ਦੱਸਿਆ ਗਿਆ ਕਿ ਧਰਾਲੀ ਦਾ ਬਜ਼ਾਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਇਸਦੇ ਚੱਲਦਿਆਂ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਧਰਾਲੀ ਖੇਤਰ ਵਿਚ ਬੱਦਲ ਫਟਣ ਕਾਰਨ ਹੋਏ ਭਾਰੀ ਨੁਕਸਾਨ ਕਰਕੇ ਮਨ ਦੁਖੀ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਦੀ ਸੁਰੱਖਿਆ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹੈ।