ਧਰਤੀ ਨਾਲ ਜੁੜੇ ਲੋਕ ਹੀ ਹੁੰਦੇ ਨੇ ਸਭਿਆਚਾਰ ਦੇ ਅਸਲ ਨੁਮਾਇੰਦੇ : ਭਗਵੰਤ ਮਾਨ
ਸਾਬਕਾ ਵਿਧਾਇਕ ਹਰਦੇਵ ਅਰਸ਼ੀ ਦੀ ਜੀਵਨੀ ‘ਰੋਹੀ ਦਾ ਲਾਲ’ ਪੰਜਾਬ ਭਵਨ ਵਿਖੇ ਹੋਈ ਲੋਕ ਅਰਪਣ
ਚੰਡੀਗੜ੍ਹ : ਪੰਜਾਬੀ ਲੇਖਕ ਸਭਾ ਵੱਲੋਂ ਅੱਜ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਪੰਜਾਬ ਦੇ ਸਾਬਕਾ ਵਿਧਾਇਕ ਤੇ ਸੀਨੀਅਰ ਸੀ.ਪੀ.ਆਈ. ਨੇਤਾ ਹਰਦੇਵ ਅਰਸ਼ੀ ਦੀ ਜੀਵਨੀ ‘ਰੋਹੀ ਦਾ ਲਾਲ: ਹਰਦੇਵ ਅਰਸ਼ੀ’ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਰਿਲੀਜ਼ ਕੀਤੀ ਗਈ ਜਿਸ ਨੂੰ ਪ੍ਰਸਿੱਧ ਲੇਖਕ ਜਸਪਾਲ ਮਾਨਖੇੜਾ ਨੇ ਲਿਖਿਆ ਹੈ।
ਸਾਰੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਦਾ ਕਲਾਕਾਰਾਂ ਤੇ ਸਾਹਿਤਕਾਰਾਂ ਪ੍ਰਤੀ ਪਿਆਰ ਇਸ ਗੱਲ ਨਾਲ ਹੀ ਜ਼ਾਹਿਰ ਹੋ ਜਾਂਦਾ ਹੈ ਕਿ ਬਹੁਤ ਰੁਝੇਵਿਆਂ ਦੇ ਬਾਵਜੂਦ ਉਨ੍ਹਾਂ ਕਿਤਾਬ ਰਿਲੀਜ਼ ਵਾਸਤੇ ਸਮਾਂ ਕੱਢਿਆ। ਆਪਣੇ ਉਦਘਾਟਨੀ ਸ਼ਬਦਾਂ ਵਿੱਚ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਹਰਦੇਵ ਅਰਸ਼ੀ ਦੀ ਜੀਵਨੀ ਕਿਸੇ ਲਈ ਵੀ ਪ੍ਰੇਰਨਾ ਸ੍ਰੋਤ ਹੋ ਸਕਦੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਾਮਰੇਡ ਹਰਦੇਵ ਅਰਸ਼ੀ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ਦਾ ਵਿਸਥਾਰ ਨਾਲ ਜ਼ਿਕਰ ਕਰਦਿਆਂ ਉਹਨਾਂ ਨੂੰ ਇੱਕ ਪਾਕ-ਦਾਮਨ ਸਿਆਸਤਦਾਨ ਦੱਸਿਆ, ਜਿਨ੍ਹਾਂ ਦਾ ਲੰਮਾ ਸੰਘਰਸ਼ੀ ਤੇ ਬੇਦਾਗ਼ ਸਿਆਸੀ ਸਫ਼ਰ ਲਾਮਿਸਾਲ ਹੈ। ਉਹ ਦੋ ਵਾਰ ਪੰਜਾਬ ਵਿਧਾਨ ਸਭਾ ਵਿੱਚ ਬੁਢਲਾਡਾ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਇਹ ਉਹਨਾਂ ਦੇ ਸਮਰਪਣ ਦਾ ਹੀ ਪ੍ਰਤੀਕ ਹੈ ਕਿ ਉਹਨਾਂ ਨੂੰ ‘ਸਰਵੋਤਮ ਵਿਧਾਨਕਾਰ’ ਵਜੋਂ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਹਰਦੇਵ ਅਰਸ਼ੀ ਦੀ ਵਿਧਾਨਿਕ ਕੰਮ ਕਾਜ ਬਾਰੇ ਗਹਿਰੀ ਪਕੜ ਹੈ ਤੇ ਉਹ ਖੁਦ ਵੀ ਮੈਂਬਰ ਪਾਰਲੀਮੈਂਟ ਹੁੰਦਿਆ ਕਈ ਮੁੱਦਿਆਂ ਤੇ ਉਹਨਾਂ ਦੀ ਸਲਾਹ ਲੈਂਦੇ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਕਾਮਰੇਡ ਅਰਸ਼ੀ ਟਿੱਬਿਆਂ ਦੀ ਧਰਤੀ ’ਚ ਉੱਗੇ ਉਹ ਫੁੱਲ ਹਨ ਜਿਨ੍ਹਾਂ ਨੇ ਆਪਣੀ ਘਾਲਣਾ ਤੇ ਮਹਿਕ ਸਦਕਾ ਸਾਰੇ ਇਲਾਕੇ ਦੀ ਇੱਜ਼ਤ ਵਧਾਈ ਹੈ।
ਮੁੱਖ ਮੰਤਰੀ ਨੇ ਇਸ ਮੌਕੇ ਆਪਣੇ ਵੱਖ ਵੱਖ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਕਲਾ ਤੇ ਸਾਹਿਤ, ਪੰਜਾਬ ਦੇ ਅਮੀਰ ਸਭਿਆਚਾਰ ਤੇ ਵਿਰਾਸਤ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰੀ ਰੱਖਣ ਲਈ ਪੁਲ ਵਾਂਗੂੰ ਕੰਮ ਕਰਦੇ ਹਨ ਤੇ ਉਹਨਾਂ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਹ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਪੰਜਾਬ ਦੀਆਂ ਕਦਰਾਂ ਕੀਮਤਾਂ ਨੂੰ ਕਦੇ ਢਾਅ ਨਾ ਲੱਗੇ।
ਮੁੱਖ ਬੁਲਾਰੇ ਵਜੋਂ ਬੋਲਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਦੇਸ਼ ਦੇ ਅਜੋਕੇ ਭਿ੍ਰਸ਼ਟ ਸਭਿਆਚਾਰ ਤੇ ਖੋਹ-ਖਿੰਝ ਵਾਲੇ ਮੰਜ਼ਰ ਵਿੱਚ ਕਾਮਰੇਡ ਹਰਦੇਵ ਅਰਸ਼ੀ ਦੀ ਬੇਦਾਗ਼ ਸ਼ਖ਼ਸੀਅਤ ਪ੍ਰੇਰਿਤ ਕਰਨ ਵਾਲੀ ਹੈ।
ਉਹਨਾਂ ਮੁੱਖ ਮੰਤਰੀ ਨੂੰ ਕਿਹਾ ਕਿ ਸੂਬੇ ਵਿਚ ਪੰਜਾਬੀ ਭਾਸ਼ਾ ਦੇ ਪਸਾਰ ਪ੍ਰਚਾਰ ਲਈ ਸਾਹਿਤਕ ਜਥੇਬੰਦੀਆਂ ਕੋਲੋਂ ਸਹਿਯੋਗ ਲਿਆ ਜਾਵੇ। ਇਸ ਜੀਵਨੀ ਦੇ ਲੇਖਕ ਤੇ ਪ੍ਰਸਿੱਧ ਕਹਾਣੀਕਾਰ ਜਸਪਾਲ ਮਾਨਖੇੜਾ ਨੇ ਰਾਹਤ ਇੰਦੋਰੀ ਦੇ ਇੱਕ ਸ਼ੇਅਰ ਦੇ ਹਵਾਲੇ ਨਾਲ ਕਿਹਾ ਕਿ ਕਾਮਰੇਡ ਅਰਸ਼ੀ ਦਾ ਸਮੁੱਚਾ ਜੀਵਨ ਇਨਕਲਾਬੀ ਸੋਚ ਦੀ ਤਰਜਮਾਨੀ ਕਰਦਿਆਂ ਨਵੀਆਂ ਪੈੜਾਂ ਪਾਉਣ ਦੇ ਸਮਰੱਥ ਹੈ।
ਹਰਦੇਵ ਅਰਸ਼ੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਦੀ ਕੋਈ ਵੀ ਪ੍ਰਾਪਤੀ ਪਰਿਵਾਰ ਤੇ ਖਾਸ ਕਰ ਉਨ੍ਹਾਂ ਦੀ ਜੀਵਨ ਸਾਥਣ ਦਲਜੀਤ ਕੌਰ ਅਰਸ਼ੀ ਦੇ ਸਹਿਯੋਗ ਬਗ਼ੈਰ ਅਧੂਰੀ ਹੈ। ਲੋਕ ਸੇਵਾ ਦੇ ਜਜ਼ਬੇ ਨਾਲ ਹੀ ਉਹ ਇਹ ਸਭ ਰੁਤਬੇ ਹਾਸਿਲ ਕਰ ਪਾਏ ਹਨ। ਬਹੁਤ ਵਧੀਆ ਤਰੀਕੇ ਨਾਲ ਮੰਚ ਸੰਚਾਲਨ ਕਰਦਿਆਂ ਗੁਰਨਾਮ ਕੰਵਰ ਨੇ ਕਿਹਾ ਕਿ ਅਰਸ਼ਾਂ ਤੇ ਉੱਡਦਾ ਹੋਇਆ ਵੀ ਅਰਸ਼ੀ ਆਪਣੇ ਪੈਰ ਜ਼ਮੀਨ ਉੱਤੇ ਹੀ ਰੱਖਦਾ ਹੈ। ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਨਾਵਲ ਵਰਗੀ ਦਿਲਖਿੱਚਵੀਂ ਤੇ ਰੌਚਕ ਹੈ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਨਾਮਵਰ ਪੱਤਰਕਾਰ ਜਤਿੰਦਰ ਪੰਨੂ ਨੇ ਕਾਮਰੇਡ ਅਰਸ਼ੀ ਨਾਲ ਆਪਣੀ ਲੰਮੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੀਆਂ ਸ਼ਖ਼ਸੀਅਤਾਂ ਸਮਾਜ ਦੇ ਰਾਹ ਦਸੇਰੇ ਬਣ ਕੇ ਅਗਵਾਈ ਕਰਨ ਦੇ ਸਮਰੱਥ ਹੁੰਦੀਆਂ ਨੇ। ਉਹਨਾਂ ਕਿਹਾ ਚੰਗੀ ਵਿਚਾਰਧਾਰਾ ਨਾਲ ਹੀ ਕੋਈ ਮਨੁੱਖ ਪ੍ਰਭਾਵਸ਼ਾਲੀ ਬਣ ਕੇ ਉੱਭਰਦਾ ਹੈ।
ਇਸ ਮੌਕੇ ਅਰਸ਼ੀ ਪਰਿਵਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਨਮਾਨਿਤ ਵੀ ਕੀਤਾ ਗਿਆ। ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਕਾਮਰੇਡ ਅਰਸ਼ੀ ਦੀ ਜੀਵਨੀ ਨੂੰ ਰਿਲੀਜ਼ ਕਰਨ ਦੇ ਇਸ ਸਮਾਗਮ ਨਾਲ ਸਭਾ ਦਾ ਵੀ ਮਾਣ ਵਧਿਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੰਗ ਬਹਾਦਰ ਗੋਇਲ, ਬਲਦੇਵ ਸਿੰਘ ਨਿਹਾਲਗੜ, ਡਾ. ਸੁਨੀਤਾ ਰਾਣੀ, ਸੂਰਤ ਸਿੰਘ ਧਰਮਕੋਟ, ਕੁਲਵੰਤ ਸਿੰਘ ਮੌਲਵੀ ਵਾਲਾ, ਦਰਸ਼ਨ ਸਿੰਘ ਨਿਹਾਲਗੜ੍ਹ, ਤਰਸੇਮ ਬਰਨਾਲਾ, ਭੋਲਾ ਸਿੰਘ ਸੰਘੇੜਾ, ਕਰਮਚੰਦ ਭਾਰਦਵਾਜ, ਬਿ੍ਰਜ ਲਾਲ, ਲੱਲੂ ਰਾਮ, ਮਲੂਕ ਸਿੰਘ, ਸ਼ਬੇਗ ਸਿੰਘ, ਹਰਦਿਆਲ ਸਿੰਘ ਆਲੀ, ਬਲਜੀਤ ਸਿੰਘ, ਕੁਲਵਿੰਦਰ ਸਿੰਘ ਉੱਦਟ, ਦਲਜੀਤ ਅਰਸ਼ੀ, ਰਮਨਦੀਪ ਕੌਰ, ਕਾਜਲ ਹਾਂਡਾ ਅਰਸ਼ੀ, ਅਰਮਾਨ ਪ੍ਰੀਤ ਸਿੰਘ ਅਰਸ਼ੀ, ਮਨੋਜ ਹਾਂਡਾ, ਨੀਲਮ ਹਾਂਡਾ, ਨਰੇਸ਼ ਗੋਇਲ, ਹਰਚੰਦ ਸਿੰਘ ਬਾਠ, ਅਸ਼ੋਕ ਮੈਣੀ, ਭੋਲਾ ਸਿੰਘ, ਹਰਬੰਸ ਲਾਲ, ਸਤੀਸ਼ ਕੁਮਾਰ, ਸੁਰਜਨ ਰਾਮ, ਰਕੇਸ਼ ਕੁਮਾਰ, ਰਮਨਦੀਪ, ਰਣਬੀਰ ਰਾਣਾ, ਊਸ਼ਾ ਕੰਵਰ, ਮਨਜੀਤ ਕੌਰ ਮੀਤ, ਸੁਨੀਤਾ ਰਾਣੀ, ਬੀ. ਐਨ. ਗੋਇਲ, ਪੀ. ਐੱਸ. ਧਾਲੀਵਾਲ, ਸੁਰਜੀਤ ਸਿੰਘ ਐਡਵੋਕੇਟ, ਨੀਰੂ ਰਤਨ, ਪ੍ਰੇਮ ਇੰਦਰਾ ਰਤਨ, ਇੰਦਰਜੀਤ ਪ੍ਰੇਮੀ, ਅਵਤਾਰ ਸਿੰਘ, ਕਮਲਜੀਤ ਸਿੰਘ, ਪ੍ਰੋ. ਦਿਲਬਾਗ ਸਿੰਘ, ਨਵਦੀਪ ਸਿੰਘ, ਦਰਸ਼ਨਾ ਕੁਮਾਰੀ, ਗੁਰਮੀਤ ਕੌਰ, ਰਵਿੰਦਰ ਸਿੰਘ, ਬਲਵੀਰ ਸਿੰਘ, ਨਵਦੀਪ ਅਗਰੋਈਨ, ਡਾ. ਕੁਲਦੀਪ ਸਿੰਘ ਦੀਪ, ਅੰਮਿ੍ਰਤ ਪਾਲ ਮੰਘਾਣੀਆਂ, ਸ਼ਮਸ਼ੇਰ ਸਿੰਘ, ਲਾਲ ਜੀ ਲਾਲੀ, ਸਿਰੀ ਰਾਮ ਅਰਸ਼, ਬਲਬੀਰ ਸਿੰਘ ਜੰਡੂ, ਗੁਰਦੇਵ ਕੌਰ ਪਾਲ, ਏ. ਐਸ. ਪਾਲ, ਸੁਰਜੀਤ ਕੌਰ, ਕਰਮ ਸਿੰਘ ਵਕੀਲ, ਮਹਿੰਦਰ ਪਾਲ ਸਿੰਘ, ਸੱਚਪ੍ਰੀਤ ਖੀਵਾ, ਡਾ. ਲਾਭ ਸਿੰਘ ਖੀਵਾ, ਸ਼ਾਇਰ ਭੱਟੀ, ਚਰਨਜੀਤ ਭੁੱਲਰ, ਬਲਵਿੰਦਰ ਜੰਮੂ, ਹਰਮਿੰਦਰ ਸਿੰਘ ਕਾਲੜਾ, ਡਾ. ਮੇਘਾ ਸਿੰਘ, ਚਰਨਜੀਤ ਕੌਰ, ਮਨਜੀਤ ਕੌਰ ਮੁਹਾਲੀ, ਜੋਗਿੰਦਰ ਸਿੰਘ ਜੱਗਾ, ਜਸਵੀਰ ਕੌਰ ਧਾਲੀਵਾਲ, ਅਮਰਪਾਲ ਸਿੰਘ, ਕਾਮਰੇਡ ਕਿ੍ਰਸ਼ਨ ਚੰਦ, ਪਾਲ ਅਜਨਬੀ, ਡਾ. ਅਵਤਾਰ ਸਿੰਘ ਪਤੰਗ, ਸਿਮਰਜੀਤ ਕੌਰ ਗਰੇਵਾਲ, ਦਿਲਦਾਰ ਸਿੰਘ, ਜੈ ਸਿੰਘ ਛਿੱਬਰ, ਪ੍ਰੀਤਮ ਸਿੰਘ ਰੁਪਾਲ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।