ਸ਼ਿਵਸੈਨਾ ਦੇ 362 ਦਫ਼ਤਰਾਂ ’ਤੇ ਕਿਸ ਦਾ ਹੋਵੇਗਾ ਕਬਜ਼ਾ?
ਮੁੰਬਈ/ਬਿਊਰੋ ਨਿਊਜ਼ : ਚੋਣ ਕਮਿਸ਼ਨ ਦੇ ਫੈਸਲੇ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਬੇਸ਼ੱਕ ਪਾਰਟੀ ਦਾ ਨਾਮ ਅਤੇ ਚੋਣ ਨਿਸ਼ਾਨ ਤਾਂ ਮਿਲ ਗਏ ਹਨ ਪ੍ਰੰਤੂ ਸ਼ਿਵਸੈਨਾ ਭਵਨ ਕਿਸ ਦਾ ਹੋਵੇਗਾ। ਕੀ ਚੋਣ ਕਮਿਸ਼ਨ ਦੇ ਫੈਸਲੇ ਤੋਂ ਬਾਅਦ ਸ਼ਿੰਦੇ ਧੜਾ ਇਸ ਦਾ ਕੰਟਰੋਲ ਹਾਸਲ ਕਰ ਪਾਵੇਗਾ ਜਾਂ ਨਹੀਂ। ਸ਼ਿਵਸੈਨਾ ਦੇ ਬਾਕੀ ਦਫ਼ਤਰਾਂ ਅਤੇ ਬਾਕੀ ਪ੍ਰਾਪਰਟੀ ਦਾ ਬਟਵਾਰਾ ਕਿਸ ਤਰ੍ਹਾਂ ਹੋਵੇਗਾ ਅਤੇ ਇਹ ਕਿਸ ਨੂੰ ਮਿਲੇਗਾ ਇਹ ਸਭ ਤਾਂ ਹੁਣ ਸੁਪਰੀਮ ਦੇ ਫੈਸਲੇ ਤੋਂ ਬਾਅਦ ਹੀ ਪਤਾ ਲੱਗੇਗਾ। ਸ਼ਿਵਸੈਨਾ ਦੇ ਕੋਲ 191.82 ਕਰੋੜ ਰੁਪਏ ਦੀ ਚੱਲ-ਅਚੱਲ ਸੰਪਤੀ ਹੈ। ਦਾਦਰ ਦੇ ਸ਼ਿਵ ਸੈਨਾ ਭਵਨ ’ਤੇ ਵੀ ਊਧਵ ਠਾਕਰੇ ਧੜੇ ਦਾ ਕਬਜ਼ਾ ਹੈ। ਜਦਕਿ ਸ਼ਿੰਦੇ ਧੜੇ ਦੀ ਸ਼ਿਵਸੈਨਾ ਦਾ ਕਬਜਾ ਕਿੱਥੇ ਕਿੱਥੇ ਹੋਵੇਗਾ ਇਹ ਸਵਾਲ ਫਿਲਹਾਲ ਬਣਿਆ ਹੋਇਆ ਹੈ। ਬਾਲਾ ਸਾਹਿਬ ਠਾਕਰੇ ਦੇ ਬੇਹੱਦ ਨੇੜੇ ਰਹੇ ਏਕਨਾਥ ਸ਼ਿੰਦੇ ਨੇ ਲਗਭਗ 6 ਮਹੀਨੇ ਪਹਿਲਾਂ ਊਧਵ ਠਾਕਰੇ ਦਾ ਹੱਥ ਛੱਡ ਭਾਰਤੀ ਜਨਤਾ ਪਾਰਟੀ ਦਾ ਹੱਥ ਫੜ ਲਿਆ ਸੀ ਅਤੇ ਉਹ ਇਸ ਸਮੇਂ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਹਨ। ਲੰਘੀ 17 ਫਰਵਰੀ ਨੂੰ ਚੋਣ ਕਮਿਸ਼ਨ ਨੇ ਊਧਵ ਠਾਕਰੇ ਨੂੰ ਝਟਕਾ ਦਿੰਦਿਆਂ ਏਕਨਾਥ ਸ਼ਿੰਦੇ ਧੜੇ ਨੂੰ ਪਾਰਟੀ ਅਤੇ ਚੋਣ ਨਿਸ਼ਾਨ ਤੀਰ ਕਮਾਨ ਦੇ ਦਿੱਤਾ ਸੀ ਅਤੇ ਲੰਘੇ ਮੰਗਲਵਾਰ ਨੂੰ ਏਕਨਾਥ ਸ਼ਿੰਦੇ ਨੂੰ ਪਾਰਟੀ ਦਾ ਆਗੂ ਵੀ ਚੁਣ ਲਿਆ ਗਿਆ ਹੈ।