ਕਿਹਾ : ਕੇਂਦਰ ਸਰਕਾਰ ਰੇਲ, ਤੇਲ ਅਤੇ ਜੇਲ੍ਹ ਸਭ ਕੁਝ ਆਪਣੇ ਮਿੱਤਰਾਂ ਨੂੰ ਰਹੀ ਹੈ ਵੇਚ
ਰਾਏਪੁਰ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦੇ ਚੱਲ ਰਹੇ 85ਵੇਂ ਪਲੈਨਰੀ ਸੰਮੇਲਨ ਨੂੰ ਅੱਜ ਦੂਜੇ ਦਿਨ ਪਾਰਟੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਸੰਬੋਧਨ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਦੇਸ਼ ਅੱਜ ਸਭ ਤੋਂ ਮੁਸ਼ਕਿਲ ਦੌਰ ਵਿਚੋਂ ਗੁਜਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਤਾ ’ਚ ਬੈਠੇ ਲੋਕਾਂ ਨੇ ਦੇਸ਼ ਦੇ ਲੋਕਾਂ ਦੇ ਅਧਿਕਾਰਾਂ ਅਤੇ ਭਾਰਤ ਦੀਆਂ ਕਦਰਾਂ-ਕੀਮਤਾਂ ’ਤੇ ਹਮਲਾ ਕੀਤਾ ਹੈ ਜਿਸ ਖਿਲਾਫ਼ ਇਕ ਨਵੀਂ ਲਹਿਰ ਸ਼ੁਰੂ ਕਰਨ ਦੀ ਲੋੜ ਹੈ। ਕਾਂਗਰਸ ਪ੍ਰਧਾਨ ਖੜਗੇ ਨੇ ਕਿਹਾ ਕਿ ਦੇਸ਼ ਅੰਦਰ ਨਫ਼ਰਤ ਦਾ ਮਾਹੌਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਰੇਲ, ਜੇਲ ਅਤੇ ਤੇਲ ਸਭ ਕੁਝ ਆਪਣੇ ਮਿੱਤਰਾਂ ਨੂੰ ਵੇਚ ਰਹੀ ਹੈ ਅਤੇ ਕੇਂਦਰ ਸਰਕਾਰ ਦੇ ਸਾਰੇ ਮੰਤਰੀਆਂ ਦਾ ਡੀਐਨਏ ਗਰੀਬ ਵਿਰੋਧੀ ਹੈ। ਆਪਣੇ ਭਾਸ਼ਣ ਦੌਰਾਨ ਖੜਗੇ ਨੇ ਪਾਰਟੀ ਮੈਂਬਰਾਂ ਨੂੰ ਆਪਣੀ ਗੱਲ ਖੁੱਲ੍ਹ ਕੇ ਰੱਖਣ ਅਤੇ ਸਮੂਹਿਕ ਫੈਸਲੇ ਲੈਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਤੁਸੀਂ ਲੋਕ ਜੋ ਵੀ ਫੈਸਲਾ ਕਰੋਗੇ ਉਹ ਮੇਰਾ ਫੈਸਲਾ ਹੋਵੇਗਾ ਅਤੇ ਸਾਡੇ ਵਿਚੋਂ ਹਰ ਕਿਸੇ ਦਾ ਫੈਸਲਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ ਕਈ ਰਾਜਾਂ ਵਿਚ ਵਿਧਾਨ ਸਭਾ ਹੋਣੀਆਂ ਹਨ ਅਤੇ ਅਗਲੇ ਸਾਲ ਲੋਕ ਸਭਾ ਚੋਣਾਂ ਜਿਨ੍ਹਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਪਲੈਨਰੀ ਸੰਮੇਲਨ ਬਹੁਤ ਮਹੱਤਵ ਰੱਖਦਾ ਹੈ। ਭਾਰਤ ਜੋੜੋ ਯਾਤਰਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਨਾਲ ਪਾਰਟੀ ਵਰਕਰਾਂ ਅੰਦਰ ਇਕ ਨਵੀਂ ਊਰਜਾ ਆਈ ਜਿਸ ਨੂੰ ਅਸੀਂ ਮਜ਼ਬੂਤੀ ਨਾਲ ਲੋਕ ਸਭਾ ਚੋਣਾਂ ਤੱਕ ਹੋਰ ਮਜ਼ਬੂਤ ਕਰਨਾ ਹੈ ਅਤੇ ਇਕ-ਦੂਜੇ ਨਾਲ ਸਭ ਗਿਲੇ ਸ਼ਿਕਵੇ ਭੁਲਾ ਕੇ ਪਾਰਟੀ ਨੂੰ ਜਿਤਾਉਣਾ ਹੈ।