Breaking News
Home / ਭਾਰਤ / ਭਾਰਤ ‘ਚ ਕੋਚਿੰਗ ਸੈਂਟਰ ‘ਮੌਤ ਦੇ ਚੈਂਬਰ’ ਬਣੇ : ਸੁਪਰੀਮ ਕੋਰਟ

ਭਾਰਤ ‘ਚ ਕੋਚਿੰਗ ਸੈਂਟਰ ‘ਮੌਤ ਦੇ ਚੈਂਬਰ’ ਬਣੇ : ਸੁਪਰੀਮ ਕੋਰਟ

ਸਰਬਉੱਚ ਅਦਾਲਤ ਵੱਲੋਂ ਕੇਂਦਰ ਤੇ ਦਿੱਲੀ ਸਰਕਾਰ ਨੂੰ ਨੋਟਿਸ; ਬੇਸਮੈਂਟ ਹਾਦਸੇ ਨੂੰ ‘ਅੱਖਾਂ ਖੋਲ੍ਹਣ’ ਵਾਲਾ ਦੱਸਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਕਿਹਾ ਕਿ ਕੋਚਿੰਗ ਸੈਂਟਰਜ਼ ‘ਮੌਤ ਦੇ ਚੈਂਬਰਜ਼’ ਬਣ ਗਏ ਹਨ ਤੇ ਇਹ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ। ਸਰਬਉੱਚ ਕੋਰਟ ਨੇ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ ਦੀ ਕੋਚਿੰਗ ਸੈਂਟਰ ਦੀ ਬੇਸਮੈਂਟ ਵਿਚ ਡੁੱਬਣ ਕਰਕੇ ਹੋਈ ਮੌਤ ਦਾ ‘ਆਪੂੰ’ ਨੋਟਿਸ ਲੈਂਦਿਆਂ ਕੇਂਦਰ ਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਜਸਟਿਸ ਸੂਰਿਆ ਕਾਂਤ ਤੇ ਜਸਟਿਸ ਉੱਜਲ ਭੂਯਨ ਦੇ ਬੈਂਚ ਨੇ ਕਿਹਾ ਕਿ ਇਹ ਹਾਦਸਾ ਸਾਡੇ ਸਾਰਿਆਂ ਲਈ ਅੱਖਾਂ ਖੋਲ੍ਹਣ ਵਾਲਾ ਸੀ।
ਭਾਰੀ ਮੀਂਹ ਮਗਰੋਂ 27 ਜੁਲਾਈ ਨੂੰ ਕੌਮੀ ਰਾਜਧਾਨੀ ਦੇ ਪੁਰਾਣੇ ਰਾਜਿੰਦਰ ਨਗਰ ਵਿਚ ਰਾਓ’ਜ਼ ਆਈਏਐੱਸ ਸਟੱਡੀ ਸਰਕਲ ਦੀ ਬੇਸਮੈਂਟ ਵਿਚ ਬਣੀ ਲਾਇਬਰੇਰੀ ਵਿਚ ਪਾਣੀ ਭਰਨ ਕਰਕੇ ਡੁੱਬਣ ਨਾਲ ਤਿੰਨ ਪ੍ਰੀਖਿਆਰਥੀਆਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿਚ ਕੋਚਿੰਗ ਸੈਂਟਰ ਦੇ ਸੀਈਓ ਅਭਿਸ਼ੇਕ ਗੁਪਤਾ ਤੇ ਕੋਆਰਡੀਨੇਟਰ ਦੇਸ਼ਪਾਲ ਸਿੰਘ ਸਣੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਬੈਂਚ ਨੇ ਕਿਹਾ, ”ਅਸੀਂ ਜੋ ਪੜ੍ਹ ਰਹੇ ਹਾਂ ਉਹ ਭਿਆਨਕ ਹੈ। ਜੇ ਲੋੜ ਪਈ ਤਾਂ ਅਸੀਂ ਇਨ੍ਹਾਂ ਕੋਚਿੰਗ ਸੈਂਟਰਾਂ ਨੂੰ ਬੰਦ ਵੀ ਕਰ ਸਕਦੇ ਹਾਂ। ਹਾਲ ਦੀ ਘੜੀ ਜਦੋਂ ਤੱਕ ਇਮਾਰਤਾਂ ਨਾਲ ਜੁੜੇ ਨੇਮਾਂ ਤੇ ਹੋਰ ਸੁਰੱਖਿਆ ਨੇਮਾਂ ਦੀ ਪਾਲਣਾ ਯਕੀਨੀ ਨਹੀਂ ਬਣਾਈ ਜਾਂਦੀ, ਕੋਚਿੰਗ ਆਨਲਾਈਨ ਹੋਣੀ ਚਾਹੀਦੀ ਹੈ।” ਬੈਂਚ ਨੇ ਕਿਹਾ, ”ਇਹ ਥਾਵਾਂ (ਕੋਚਿੰਗ ਸੈਂਟਰਜ਼) ਮੌਤ ਦੇ ਚੈਂਬਰ ਬਣ ਗਈਆਂ ਹਨ। ਕੋਚਿੰਗ ਸੈਂਟਰਜ਼, ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਜੋ ਸੁਪਨੇ ਲੈ ਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਹਨ ਤੇ ਸਖ਼ਤ ਮਿਹਨਤ ਕਰ ਰਹੇ ਹਨ, ਦੀ ਜ਼ਿੰਦਗੀ ਨਾਲ ਖੇਡ ਰਹੇ ਹਨ।” ਬੈਂਚ ਨੇ ਕਿਹਾ, ”ਹਾਲੀਆ ਮੰਦਭਾਗੀ ਘਟਨਾ ਜਿਸ ਨੇ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਨੌਜਵਾਨਾਂ, ਜਿਨ੍ਹਾਂ ਆਪਣੇ ਕਰੀਅਰ ਲਈ ਕੋਚਿੰਗ ਸੈਂਟਰ ਜੁਆਇਨ ਕੀਤਾ ਸੀ, ਦੀ ਜਾਨ ਲੈ ਲਈ… ਸਾਡੇ ਸਾਰਿਆਂ ਲਈ ਅੱਖਾਂ ਖੋਲ੍ਹਣ ਵਾਲੀ ਹੈ। ਲਿਹਾਜ਼ਾ ਸਾਨੂੰ ਲੱਗਦਾ ਹੈ ਕਿ ਕਾਰਵਾਈ ਦੇ ਘੇਰੇ ਨੂੰ ਮੋਕਲਾ ਕਰਨਾ ਅਤੇ ਕੇਂਦਰ ਤੇ ਦਿੱਲੀ ਸਰਕਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨਾ ਢੁੱਕਵਾਂ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਹੁਣ ਤੱਕ ਕਿਹੜੇ ਸੁਰੱਖਿਆ ਨੇਮ ਤਜਵੀਜ਼ ਕੀਤੇ ਗਏ ਹਨ ਤੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹੜਾ ਅਸਰਦਾਰ ਚੌਖਟਾ ਤਿਆਰ ਕੀਤਾ ਗਿਆ ਹੈ।”
ਕਾਬਿਲੇਗੌਰ ਹੈ ਕਿ ਪਿਛਲੇ ਦਿਨੀਂ ਦਿੱਲੀ ਹਾਈਕੋਰਟ ਨੇ ਕੋਚਿੰਗ ਸੈਂਟਰ ਦੀ ਬੇਸਮੈਂਟ ਵਿਚ ਤਿੰਨ ਮੌਤਾਂ ਨਾਲ ਜੁੜੇ ਮਾਮਲੇ ਦੀ ਜਾਂਚ ਦਿੱਲੀ ਪੁਲਿਸ ਕੋਲੋਂ ਲੈ ਕੇ ਸੀਬੀਆਈ ਨੂੰ ਸੌਂਪ ਦਿੱਤੀ ਸੀ, ਤਾਂ ਕਿ ‘ਮਾਮਲੇ ਦੀ ਜਾਂਚ ਨੂੰ ਲੈ ਕੇ ਲੋਕਾਂ ਦੇ ਮਨਾਂ ‘ਚ ਕਿਸੇ ਤਰ੍ਹਾਂ ਦਾ ਸ਼ੱਕ-ਸ਼ੁਬ੍ਹਾ ਨਾ ਰਹੇ।’ ਬੇਸਮੈਂਟ ਵਿਚ ਜਮ੍ਹਾਂ ਮੀਂਹ ਦੇ ਪਾਣੀ ‘ਚ ਡੁੱਬਣ ਕਰਕੇ ਯੂਪੀ ਦੀ ਸ਼੍ਰੇਆ ਯਾਦਵ (25), ਤਿਲੰਗਾਨਾ ਦੀ ਤਾਨਿਆ ਸੋਨੀ (25) ਤੇ ਕੇਰਲ ਦੇ ਨੇਵਿਨ ਡੈਲਵਿਨ (24) ਦੀ ਮੌਤ ਹੋ ਗਈ ਸੀ।
ਸਿਖਰਲੀ ਅਦਾਲਤ ਵੱਲੋਂ ਪਟੀਸ਼ਨ ਅਰਥਹੀਣ ਕਰਾਰ
ਸੁਪਰੀਮ ਕੋਰਟ ਕੋਚਿੰਗ ਸੈਂਟਰਾਂ ਦੀ ਐਸੋਸੀਏਸ਼ਨ ਵੱਲੋਂ ਦਿੱਲੀ ਹਾਈਕੋਰਟ ਦੇ ਦਸੰਬਰ 2023 ਦੇ ਹੁਕਮਾਂ ਨੂੰ ਚੁਣੌਤੀ ਦਿੰਦੀ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ ਜਦੋਂ ਸਿਖਰਲੀ ਅਦਾਲਤ ਨੇ ਕੋਚਿੰਗ ਸੈਂਟਰ ਬੇਸਮੈਂਟ ਹਾਦਸੇ ਦਾ ‘ਆਪੂੰ’ ਨੋਟਿਸ ਲਿਆ। ਐਸੋਸੀਏਸ਼ਨ ਨੇ ਪਟੀਸ਼ਨ ਵਿਚ ਹਾਈਕੋਰਟ ਵੱਲੋਂ ਦਿੱਲੀ ਦੀ ਫਾਇਰ ਸਰਵਿਸਿਜ਼ ਤੇ ਨਿਗਮ ਨੂੰ ਸਾਰੇ ਕੋਚਿੰਗ ਸੈਂਟਰਾਂ ਦਾ ਮੁਆਇਨਾ ਕਰਨ ਦੇ ਦਿੱਤੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਸੁਪਰੀਮ ਕੋਰਟ ਨੇ ਪਟੀਸ਼ਨ ਨੂੰ ਅਰਥਹੀਣ ਦੱਸਦਿਆਂ ਅਪੀਲ ਖਾਰਜ ਕਰ ਦਿੱਤੀ ਤੇ ਐਸੋਸੀਏਸ਼ਨ ਨੂੰ ਇਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਕੋਰਟ ਨੇ ਕਿਹਾ ਕਿ ਫਾਇਰ ਸੇਫਟੀ ਨੇਮਾਂ ਤੇ ਹੋਰ ਲੋੜਾਂ ਦੀ ਪਾਲਣਾ ਯਕੀਨੀ ਬਣਾਏ ਜਾਣ ਤੱਕ ਕਿਸੇ ਵੀ ਕੋਚਿੰਗ ਸੈਂਟਰ ਨੂੰ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

Check Also

ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ

ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …