Breaking News
Home / ਪੰਜਾਬ / ਭਗਵੰਤ ਮਾਨ ਦੇ ਜਗਰਾਉਂ ਪਹੁੰਚਣ ’ਤੇ ਸਾਬਕਾ ਫੌਜੀਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ

ਭਗਵੰਤ ਮਾਨ ਦੇ ਜਗਰਾਉਂ ਪਹੁੰਚਣ ’ਤੇ ਸਾਬਕਾ ਫੌਜੀਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ

ਵਾਅਦੇ ਪੂਰੇ ਨਾ ਕਰਨ ਦੇ ਲਗਾਏ ਗਏ ਆਰੋਪ
ਜਗਰਾਉਂ/ਬਿਊਰੋ ਨਿਊਜ਼
ਮੁੱਖ ਮੰਤਰੀ ਭਗਵੰਤ ਮਾਨ ਦੇ ਅੱਜ ਮੰਗਲਵਾਰ ਨੂੰ ਜਗਰਾਉਂ ਪਹੁੰਚਣ ’ਤੇ ਸਾਬਕਾ ਫੌਜੀਆਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਵਿਰੋਧ ਪ੍ਰਦਰਸ਼ਨ ਕੀਤਾ। ਸਾਬਕਾ ਫੌਜੀਆਂ ਦੀ ਜਥੇਬੰਦੀ ਦੇ ਆਗੂਆਂ ਦਾ ਕਹਿਣਾ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ‘ਆਪ’ ਸਰਕਾਰ ਬਣਨ ’ਤੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ, ਪਰ ਅਜੇ ਤੱਕ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ। ਸਾਬਕਾ ਫੌਜੀਆਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਸਨ ਅਤੇ ਉਹ ਹੁਣ ਵੀ ਉਮੀਦ ਕਰਦੇ ਹਨ ਕਿ ਪੰਜਾਬ ਸਰਕਾਰ ਵਾਅਦੇ ਪੂਰੇ ਕਰੇਗੀ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਵਲ ਹਸਪਤਾਲ ਜਗਰਾਉਂ ਵਿਚ ਬਣੇ ਜੱਚਾ ਬੱਚਾ ਕੇਂਦਰ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ’ਚ 70 ਸਾਲ ਰਾਜ ਕਰਨ ਵਾਲੀਆਂ ਪਾਰਟੀਆਂ ਵੱਲੋਂ ਲੁੱਟੇ ਜਨਤਾ ਦੇ ਪੈਸੇ ਨਾਲ ਹੁਣ ਪੰਜਾਬ ਦਾ ਵਿਕਾਸ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਅਤੇ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਸਮੇਤ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕ ਤੇ ਅਹੁਦੇਦਾਰ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਆਮ ਆਦਮੀ ਪਾਰਟੀ ਵੱਲੋਂ ਜਦੋਂ ਪੰਜਾਬ ਦੇ ਲੋਕਾਂ ਨੂੰ ਗਾਰੰਟੀਆਂ ਦਿੱਤੀਆਂ ਜਾ ਰਹੀਆਂ ਸਨ ਤਾਂ ਵਿਰੋਧੀ ਟਿੱਪਣੀਆਂ ਕਰਦੇ ਸਨ ਕਿ ਇਹ ਸਭ ਕੁਝ ਕਰਨ ਲਈ ਸਰਕਾਰ ਕੋਲ ਪੈਸਾ ਕਿੱਥੋਂ ਆਵੇਗਾ। ਹੁਣ ਸਰਕਾਰ ਬਣਨ ’ਤੇ ਜਦੋਂ ਇਹ ਭਿ੍ਰਸ਼ਟਾਚਾਰੀ ਬਚਣ ਲਈ ਖੁਦ ਹੀ 50-50 ਲੱਖ ਰੁਪਿਆ ਲੈ ਕੇ ਆ ਰਹੇ ਹਨ ਤਾਂ ਉਸੇ ਪੈਸੇ ਨਾਲ ਪੰਜਾਬ ’ਚ ਵੱਡੇ-ਵੱਡੇ ਪ੍ਰੋਜੈਕਟ ਜਨਤਾ ਦੀਆਂ ਸਹੂਲਤਾਂ ਲਈ ਲਗਾਏ ਜਾ ਰਹੇ ਹਨ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …