ਉਨ੍ਹਾਂ ਦਿਲ ‘ਤੇ ਕੀਤੇ ਵਾਰ, ਕੋਈ ਹਿਸਾਬ ਨਹੀਂ।
ਸਾਨੂੰ ਕੀਤਾ ਬੜਾ ਖੁਆਰ, ਕੋਈ ਹਿਸਾਬ ਨਹੀਂ।
ਹਾਸੇ ਖੁਸ਼ੀਆਂ ਬਦਲੇ ਬਸ ਗ਼ਮ ਦਿੱਤੇ,
ਅਸੀਂ ਕੀਤਾ ਦਿਲੋਂ ਪਿਆਰ, ਕੋਈ ਹਿਸਾਬ ਨਹੀਂ।
ਕੌਣ ਪ੍ਰਾਇਆ ਤੇ ਕੌਣ ਆਪਣਾ, ਗੱਲਾਂ ਨੇ,
ਕਰਕੇ ਤੁਰ ‘ਗੇ ਸਭ ਵਪਾਰ, ਕੋਈ ਹਿਸਾਬ ਨਹੀਂ।
ਕਹਿ ਕੇ ਗਏ ਪਰਤੇ ਨਾ ਅਜੇ ਵਤਨਾਂ ਨੂੰ,
ਕੀਤਾ ਬੜਾ ਇੰਤਜ਼ਾਰ, ਕੋਈ ਹਿਸਾਬ ਨਹੀਂ।
ਚੇਤੇ ਕਰਕੇ ਰੋਈਏ ਕਿਉਂ ਬੇਵਫ਼ਾਈ ਨੂੰ,
ਲੱਥਾ ਮੇਰੇ ਮਨ ਤੋਂ ਭਾਰ, ਕੋਈ ਹਿਸਾਬ ਨਹੀਂ।
ਅੱਲੇ ਜ਼ਖ਼ਮਾਂ ਨੂੰ ਜਿਉਂ ਕਿਸੇ ਨੇ ਨੋਚ ਲਿਆ,
ਤਿੱਖੀ ਕੱਛ ‘ਚ ਤੇਜ਼ ਕਟਾਰ, ਕੋਈ ਹਿਸਾਬ ਨਹੀਂ।
ਬਾਜ਼ੀ ਪੁੱਠੀ ਪੈ ਜਾਂਦੀ ਜਦੋਂ ਜ਼ਿੰਦਗੀ ਦੀ,
ਝੱਲਣੀ ਪਵੇ ਨਮੋਸ਼ੀ, ਹਾਰ, ਕੋਈ ਹਿਸਾਬ ਨਹੀਂ।
ਕਿਵੇਂ ਭੁਲਾਵਾਂ ‘ਹਕੀਰ’ ਗ਼ਮ ਬਰਬਾਦੀ ਦਾ,
ਲੁੱਟੀ ਜੀਵਨ ਦੀ ਬਹਾਰ, ਕੋਈ ਹਿਸਾਬ ਨਹੀਂ।
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …