ਸੀਈਏ ਚੀਫ਼ ਮਧੂਸੂਦਨ ਨੂੰ ਪੱਤਰ ਲਿਖ ਵੋਟਰ ਲਿਸਟ ਜਨਤਕ ਕਰਨ ਦੀ ਕੀਤੀ ਮੰਗ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਅੰਦਰ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਹੀ ਖਿੱਚੋਤਾਣ ਹੁੰਦੀ ਹੋਈ ਨਜ਼ਰ ਆ ਰਹੀ ਹੈ। ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਆਪਣੇ ਅਲੱਗ-ਅਲੱਗ ਵਿਚਾਰ ਰੱਖੇ ਹਨ। ਹੁਣ ਕਾਂਗਰਸ ਦੇ 5 ਸੰਸਦ ਮੈਂਬਰਾਂ ਨੇ ਪਾਰਟੀ ਦੀ ਸੈਂਟਰਲ ਇਲੈਕਸ਼ਨ ਅਥਾਰਟੀ (ਸੀਈਏ) ਦੇ ਚੀਫ਼ ਮਧੂਸੂਦਨ ਨੂੰ ਇਕ ਪੱਤਰ ਲਿਖਿਆ ਹੈ। ਜਿਸ ਰਾਹੀਂ ਇਨ੍ਹਾਂ ਪੰਜ ਸੰਸਦ ਮੈਂਬਰਾਂ ਨੇ ਪ੍ਰਧਾਨ ਦੀ ਚੋਣ ਪ੍ਰਕਿਰਿਆ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਜਿਨ੍ਹਾਂ ਵਿਚ ਮਨੀਸ਼ ਤਿਵਾੜੀ, ਸ਼ਸ਼ੀ ਥਰੂਰ, ਕਾਰਤੀ ਚਿਦੰਬਰਮ, ਪ੍ਰਬੋਧ ਬੋਰਦੋਲਾਈ, ਅਬਦੁਲ ਖਲੀਫ਼ ਦੇ ਨਾਮ ਸ਼ਾਮਲ ਹਨ। ਇਨ੍ਹਾਂ ਵੱਲੋਂ ਕਾਂਗਰਸ ਪ੍ਰਧਾਨ ਦੀ ਚੋਣ ਨਿਰਪੱਖ ਨਾ ਹੋਣ ਨੂੰ ਲੈ ਕੇ ਆਪਣੀ ਚਿੰਤਾ ਜਾਹਿਰ ਕੀਤੀ ਗਈ ਹੈ। ਉਨ੍ਹਾਂ ਨੇ ਸੀਈਏ ਚੀਫ਼ ਨੂੰ ਕਿਹਾ ਕਿ ਵੋਟਿੰਗ ’ਚ ਹਿੱਸਾ ਲੈਣ ਵਾਲੇ ਸੰਭਾਵਿਤ ਉਮੀਦਵਾਰਾਂ ਦੀ ਨਾਮਜ਼ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਕਮੇਟੀ ਦੇ ਡੈਲੀਗੇਟਾਂ ਦੀ ਲਿਸਟ ਉਨ੍ਹਾਂ ਨੂੰ ਮੁਹੱਈਆ ਕਰਵਾਈ ਜਾਵੇ ਜਾਂ ਉਸ ਨੂੰ ਜਨਤਕ ਕੀਤਾ ਜਾਵੇ ਪ੍ਰੰਤੂ ਅਜਿਹਾ ਕਰਨ ਤੋਂ ਮਧੂਸੂਦਨ ਨੇ ਸਾਫ਼ ਇਨਕਾਰ ਕਰ ਦਿੱਤਾ।