ਬਰੈਂਪਟਨ/ਡਾ. ਝੰਡ : ਇਸ ਨੂੰ ਮਹਿਜ਼ ਇਤਫ਼ਾਕ, ਮੌਕਾ-ਮੇਲ ਜਾਂ ਹੋਰ ਕੋਈ ਵੀ ਨਾਂ ਦਿੱਤਾ ਜਾ ਸਕਦਾ ਹੈ, ਪਰ ਹੈ ਇਹ ਸੌ-ਫ਼ੀਸਦੀ ਹਕੀਕਤ। ਲੰਘੇ ਸ਼ਨੀਵਾਰ 9 ਜੁਲਾਈ ਨੂੰ ਬਰੈਂਪਟਨ ਦੇ 187 ਡੀਅਰਹੱਰਸਟ ਡਰਾਈਵ ਸਥਿਤ ਗੁਰਦੁਆਰਾ ਸਾਹਿਬ ‘ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਿਖੇ ਹੋਏ ਇਕ ਧਾਰਮਿਕ ਸਮਾਗ਼ਮ ਵਿਚ 18 ਦਸੰਬਰ 1961 ਨੂੰ ਹੋਈ ਗੋਆ ਦੀ ਇਤਿਹਾਸਕ ਲੜਾਈ ਵਿਚ ਭਾਰਤੀ ਫ਼ੌਜ ਵੱਲੋਂ ਇਕੱਠੇ ਲੜੇ ਦੋ ਭਾਰਤੀ ਸੈਨਿਕ 60 ਸਾਲ ਬਾਅਦ ਇਕ ਦੂਸਰੇ ਨੂੰ ਮਿਲੇ। … ਤੇ ਇਸ ਦੇ ਲਈ ਮੌਕਾ ਬਣਿਆ, ਬਰੈਂਪਟਨ ਈਸਟ ਤੋਂ ਹੋਈ ਪ੍ਰੌਵਿੰਸ਼ੀਅਲ ਚੋਣ ਵਿਚ ਬਣੇ ਨਵੇਂ ਐੱਮ.ਪੀ.ਪੀ. ਹਰਦੀਪ ਸਿੰਘ ਗਰੇਵਾਲ ਦੇ ਪਰਿਵਾਰ ਵੱਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਯੋਜਿਤ ਕੀਤਾ ਗਿਆ ਸੁਖਮਨੀ ਸਾਹਿਬ ਸਮਾਗਮ।
ਸਮਾਗਮ ਵਿਚ ਭਾਗ ਲੈਣ ਲਈ ਹਰਦੀਪ ਸਿੰਘ ਗਰੇਵਾਲ ਦੇ ਹੋਰ ਕਈ ਸ਼ੁਭ ਚਿੰਤਕਾਂ ਵਾਂਗ ਕੈਪਟਨ ਇਕਬਾਲ ਸਿੰਘ ਵਿਰਕ ਵੀ ਇਸ ਗੁਰੂ ਘਰ ਵਿਚ ਪਹੁੰਚੇ। ਹਾਲ ਸਾਰਾ ਸੰਗਤਾਂ ਨਾਲ ਭਰਿਆ ਹੋਇਆ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਣ ਤੋਂ ਬਾਅਦ ਕੈਪਟਨ ਵਿਰਕ ਵੀ ਹਾਲ ਦੀ ਇਕ ਨੁੱਕਰੇ ਬੈਠ ਗਏ। ਸੁਖਮਨੀ ਸਾਹਿਬ ਦੇ ਪਾਠ ਉਪਰੰਤ ਰਾਗੀ-ਜੱਥੇ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ ਅਤੇ ਫਿਰ ਕੁਝ ਭਾਸ਼ਨ ਵੀ ਹੋਏ।
ਸਮਾਗਮ ਦੀ ਸਮਾਪਤੀ ‘ਤੇ ਕੈਪਟਨ ਵਿਰਕ ਦੀ ਨਿਗਾਹ ਹਰਦੀਪ ਗਰੇਵਾਲ ਦੇ ਦਾਦਾ ਜੀ ਅਤੇ ਜਗਦੀਸ਼ ਗਰੇਵਾਲ ਦੇ ਪਿਤਾ ਜੀ ਕੈਪਟਨ ਕੁਲਦੀਪ ਸਿੰਘ ਗਰੇਵਾਲ ‘ਤੇ ਪਈ। 60 ਸਾਲ ਪਹਿਲਾਂ ਮਿਲੇ ਭਾਰਤੀ-ਫ਼ੌਜ ਦੇ ਦੋ ਸਾਬਕਾ ਸੈਿਨਕਾਂ ਨੇ ਇਕ-ਦੂਸਰੇ ਨੂੰ ਪਛਾਣ ਲਿਆ ਅਤੇ ਉਹ ਘੁੱਟਵੀ-ਜੱਫ਼ੀ ਪਾ ਕੇ ਮਿਲੇ।
ਗੋਆ ਦੀ ਲੜਾਈ ਤੋਂ ਬਾਅਦ ਵੀ ਉਹ ਆਗਰੇ ‘ਪੈਰਾ-ਬ੍ਰਿਗੇਡ’ ਵਿਚ ਇਕੱਠੇ ਰਹੇ ਅਤੇ ਭਾਰਤੀ ਫ਼ੌਜ ਦੇ ‘ਛਾਤਾਧਾਰੀ ਸੈਨਿਕ’ (ਪੈਰਾ-ਟਰੁੱਪਰਜ਼) ਬਣੇ।
ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੈਪਟਨ ਵਿਰਕ ਨੇ ਦੱਸਿਆ ਕਿ ਪੈਰਾ-ਟਰੁੱਪਰਾਂ ਨੂੰ ਉਸ ਸਮੇਂ ਸੱਤ ਬੇਸਿਕ-ਜੰਪ ਕਰਨ ਤੋਂ ਬਾਅਦ ਉਨ੍ਹਾਂ ਦੀ ਮਾਸਿਕ ਤਨਖ਼ਾਹ ਵਿਚ ਕੇਵਲ 20 ਰੁਪਏ ਹੀ ਵਧੇਰੇ ਮਿਲਦੇ ਹੁੰਦੇ ਸਨ।
ਇਹ ਜੰਪ ਉਦੋਂ ‘ਡਕੋਟਾ’ ਹਵਾਈ ਜਹਾਜ਼ ਰਾਹੀਂ ਕਰਵਾਇਆ ਜਾਂਦਾ ਸੀ।
ਇਨ੍ਹਾਂ ਡਕੋਟਾ ਜਹਾਜ਼ਾਂ ਦੀ ਖ਼ਰੀਦ ਅੰਗਰੇਜ਼ਾਂ ਵੱਲੋਂ ਦੂਸਰੀ ਸੰਸਾਰ ਜੰਗ ਸਮੇਂ ਕੀਤੀ ਗਈ ਸੀ। ਗੋਆ ਦੀ ਲੜਾਈ ਭਾਰਤੀ ਫ਼ੌਜ ਵੱਲੋਂ 72 ਘੰਟਿਆਂ ਵਿਚ ਜਿੱਤ ਲਈ ਗਈ ਸੀ ਅਤੇ ਇਸ ਵਿਚ ਪੈਰਾ ਬ੍ਰਿਗੇਡ ਵੱਲੋਂ ਪੰਜ ਹਜ਼ਾਰ ਪੁਰਤਗੇਜ਼ ਫੌਜੀ ਬੰਦੀ ਬਣਾਏ ਗਏ ਸਨ।
60 ਸਾਲ ਬਾਅਦ ਮਿਲਣ ਵਾਲੇ ਇਨ੍ਹਾਂ ਦੋਹਾਂ ਸਾਬਕਾ ਫ਼ੌਜੀਆਂ ਵਿਚ ਕੈਪਟਨ ਇਕਬਾਲ ਸਿੰਘ ਵਿਰਕ ਦੀ ਉਮਰ ਇਸ ਸਮੇਂ 82 ਸਾਲ ਹੈ ਅਤੇ ਕੈਪਟਨ ਕੁਲਦੀਪ ਸਿੰਘ ਗਰੇਵਾਲ ਉਨ੍ਹਾਂ ਤੋਂ ਛੇ ਸਾਲ ਵੱਡੇ ਹਨ, ਭਾਵ ਉਹ ਹੁਣ 88 ਸਾਲਾਂ ਦੇ ਹਨ।
ਪ੍ਰਮਾਤਮਾ ਦੋਹਾਂ ਨੂੰ ਤੰਦਰੁਸਤੀ ਭਰਪੂਰ ਲੰਮੀ ਉਮਰ ਬਖ਼ਸ਼ੇ।
ਗੋਆ ਦੀ ਲੜਾਈ ‘ਚ ਇਕੱਠੇ ਲੜੇ ਦੋ ਸੈਨਿਕਾਂ ਦਾ 60 ਸਾਲ ਬਾਅਦ ਹੋਇਆ ਮਿਲਾਪ
RELATED ARTICLES

