ਟੋਰਾਂਟੋ/ਡਾ.ਝੰਡ : ਸਕੋਸ਼ੀਆ ਬੈਂਕ ਅਤੇ ਇਸ ਦੇ ਹੋਰ ਸਹਿਯੋਗੀਆਂ ਵੱਲੋਂ ਹਰ ਸਾਲ ਅਕਤੂਬਰ ਦੇ ਮਹੀਨੇ ਵਿੱਚ ਕਰਵਾਈ ਜਾਂਦੀ ‘ਟੋਰਾਂਟੋ ਵਾਟਰ ਫਰੰਟ ਚੈਰਿਟੀ ਮੈਰਾਥਨ’ ਇਸ ਵਾਰ 16 ਤਰੀਕ ਦਿਨ ਐਤਵਾਰ ਨੂੰ ਕਰਵਾਈ ਜਾ ਰਹੀ ਹੈ। ਇਸ ਚੈਰਿਟੀ ਰੇਸ ਵਿੱਚ ‘ਫੁੱਲ ਮੈਰਾਥਨ’ (42 ਕਿਲੋ ਮੀਟਰ), ‘ਹਾਫ਼-ਮੈਰਾਥਨ’ (21 ਕਿਲੋ ਮੀਟਰ) ਅਤੇ ਪੰਜ ਕਿਲੋ ਮੀਟਰ ਦੌੜਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ। ਹਰ ਸਾਲ ਇਸ ਮਹਾਨ ਈਵੈਂਟ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹਨ। ਪਿਛਲੇ ਸਾਲ ਇਸ ਦੇ ਲਈ ਹੋਈ ਰਜਿਸਟ੍ਰੇਸ਼ਨ ਅਨੁਸਾਰ 66 ਵੱਖ-ਵੱਖ ਦੇਸ਼ਾਂ ਤੋਂ 26,000 ਲੋਕਾਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਇਨ੍ਹਾਂ ਵਿੱਚ ਪੰਜਾਬੀ ਕਮਿਊਨਿਟੀ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ। ਬੀਤੇ ਕਈ ਸਾਲਾਂ ਵਾਂਗ ਇਸ ਵਾਰ ਵੀ ਇਹ ਦੌੜਾਂ ਵੱਖ-ਵੱਖ ਥਾਵਾਂ ਤੋਂ ਸ਼ੁਰੂ ਹੋ ਕੇ ‘ਬੇਅ ਐਂਡ ਕੁਈਨਜ਼ ਸਟਰੀਟ’ ਦੇ ਨੇੜੇ ਸਿਟੀ ਹਾਲ ਦੇ ਸਾਹਮਣੇ ਵਾਲੇ ਪਾਰਕ ਵਿੱਚ ਆ ਕੇ ਖ਼ਤਮ ਕੀਤੀਆਂ ਜਾਣਗੀਆਂ। ਪੰਜ ਕਿਲੋਮੀਟਰ ਦੀ ਦੌੜ ਲੇਕ-ਸ਼ੋਰ ਦੇ ਨੇੜੇ ਓਨਟਾਰੀਓ ਪਲੇਸ ਤੋਂ ਸ਼ੁਰੂ ਹੁੰਦੀ ਹੈ, ਜਦ ਕਿ ‘ਹਾਫ਼’ ਅਤੇ ‘ਫੁੱਲ’ ਮੈਰਾਥਨ ਯੂਨੀਵਰਸਿਟੀ ਰੋਡ ਤੇ ਡੰਡਾਸ ਤੋਂ ਆਰੰਭ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਦੇ ਰੂਟ ਵੱਖੋ-ਵੱਖਰੇ ਹੁੰਦੇ ਹਨ। ਇਨ੍ਹਾਂ ਦੀ ਸ਼ੁਰੂਆਤ ਸਵੇਰੇ ਨੌਂ ਵਜੇ ਦੇ ਲੱਗਭੱਗ ਕੀਤੀ ਜਾਂਦੀ ਹੈ। ਇਨ੍ਹਾਂ ਦੌੜਾਂ ਵਿੱਚ ਭਾਗ ਲੈਣ ਵਾਲਿਆਂ ਨੂੰ ਵੇਖਣ ਲਈ ਅਤੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰਨ ਲਈ ਰਸਤਿਆਂ ਵਿੱਚ ਦੋਹੀਂ-ਪਾਸੀਂ ਭਾਰੀ ਗਿਣਤੀ ਵਿੱਚ ਲੋਕ ਖੜੇ ਹੁੰਦੇ ਹਨ ਅਤੇ ਦੌੜਾਂ ਖ਼ਤਮ ਹੋਣ ਵਾਲੇ ਆਖ਼ਰੀ ਪੁਆਇੰਟ (ਫਿਨਿਸ਼-ਪੁਆਇੰਟ) ‘ਤੇ ਤਾਂ ਮੇਲੇ ਵਾਲਾ ਮਾਹੌਲ ਹੁੰਦਾ ਹੈ। ਕਮਿਊਨਿਟੀ ਵਿੱਚ ਹਰਮਨ-ਪਿਆਰੇ ਸੰਧੂਰਾ ਸਿੰਘ ਬਰਾੜ ਜੋ ਇਸ ਵੱਡੇ ਈਵੈਂਟ ਦੇ ਪ੍ਰਬੰਧਕਾਂ ਵਿੱਚ ਸ਼ਾਮਲ ਹਨ, ਵੱਲੋਂ ਬੇਨਤੀ ਕੀਤੀ ਜਾਦੀ ਹੈ ਕਿ ਪੰਜਾਬੀ ਕਮਿਊਨਿਟੀ ਨੂੰ ਇਨ੍ਹਾਂ ਦੌੜਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ ਅਤੇ ਚੈਰਿਟੀ ਲਈ ਦਾਨ ਵੀ ਦੇਣਾ ਚਾਹੀਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਉਨ੍ਹਾਂ ਨੂੰ 416-275-9337 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …