ਟੋਰਾਂਟੋ/ਬਿਊਰੋ ਨਿਊਜ਼ :ਕੋਵਿਡ-19 ਸਬੰਧੀ ਬਾਰਡਰ ਮਾਪਦੰਡਾਂ ਵਿੱਚ ਦਿੱਤੀ ਗਈ ਢਿੱਲ ਤੇ ਪਾਸਪੋਰਟ ਦੀ ਮੰਗ ਵਿੱਚ ਵਾਧਾ ਹੋਣ ਦੇ ਚੱਲਦਿਆਂ ਕਈ ਕੈਨੇਡੀਅਨਜ਼ ਨੂੰ ਆਪਣੀਆਂ ਗਰਮੀ ਦੀਆਂ ਛੁੱਟੀਆਂ ਖਰਾਬ ਹੋਣ ਦਾ ਡਰ ਹੈ। ਇਹ ਡਰ ਇਸ ਲਈ ਹੈ ਕਿਉਂਕਿ ਪਾਸਪੋਰਟ ਦੀ ਮੰਗ ਕਾਫੀ ਵੱਧ ਗਈ ਹੈ ਤੇ ਪੇਪਰਵਰਕ ਲਈ 600 ਨਵੇਂ ਕਰਮਚਾਰੀਆਂ ਦੀ ਮਦਦ ਲੈਣ ਦੇ ਬਾਵਜੂਦ ਅਧਿਕਾਰੀ ਸਾਰੀ ਡਿਮਾਂਡ ਪੂਰੀ ਕਰਨ ਤੋਂ ਅਸਮਰੱਥ ਹਨ।
ਪਿਛਲੇ ਮਹੀਨੇ ਸਰਵਿਸ ਕੈਨੇਡਾ ਨੇ ਦੇਸ ਭਰ ਵਿੱਚ ਆਪਣੇ ਸਾਰੇ ਪਾਸਪੋਰਟ ਸਰਵਿਸ ਕਾਊਂਟਰਜ ਮੁੜ ਖੋਲ੍ਹ ਦਿੱਤੇ ਸਨ ਤੇ 300 ਸੈਂਟਰਾਂ ਤੋਂ ਵੀ ਵੱਧ ਵਿੱਚ ਵਾਧੂ ਕਾਊਂਟਰ ਵੀ ਜੋੜੇ ਗਏ ਸਨ।
ਕੁਝ ਟਰੈਵਲਰਜ਼ ਨੂੰ ਡਰ ਹੈ ਕਿ ਮਹਾਂਮਾਰੀ ਦੇ ਨਿਯਮਾਂ ਵਿੱਚ ਅਚਾਨਕ ਦਿੱਤੀ ਗਈ ਢਿੱਲ ਨਾਲ ਪਾਸਪੋਰਟ ਪ੍ਰੋਸੈਸਿੰਗ ਟਾਈਮ ਦਾ ਬੈਕਲਾਗ ਪੂਰਾ ਨਹੀਂ ਹੋ ਸਕੇਗਾ ਤੇ ਉਨ੍ਹਾਂ ਦੀਆਂ ਗਰਮੀ ਦੀਆਂ ਛੁੱਟੀਆਂ ਦੇ ਪਲੈਨਜ ਧਰੇ ਧਰਾਏ ਰਹਿ ਜਾਣਗੇ। ਦੋ ਸਾਲ ਤੋਂ ਬਾਅਦ ਮਹਾਂਮਾਰੀ ਸਬੰਧੀ ਨਿਯਮਾਂ ਵਿੱਚ ਮਿਲੀ ਢਿੱਲ ਕਾਰਨ ਪਾਸਪੋਰਟ ਹਾਸਲ ਕਰਨ ਵਾਲਿਆਂ ਦੀ ਭੀੜ ਵੀ ਕਾਫੀ ਵੱਧ ਗਈ ਹੈ।
ਇਸੇ ਤਰ੍ਹਾਂ ਦੇ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਵਿਸ ਸੈਂਟਰਾਂ ਦੇ ਬਾਹਰ ਕੈਂਪ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਾਂ ਫਿਰ ਵਾਰੀ ਵਾਰੀ ਇਨ੍ਹਾਂ ਸੈਂਟਰਾਂ ਦੇ ਗੇੜੇ ਲਾਉਣੇ ਪੈ ਰਹੇ ਹਨ। ਇਸ ਦੌਰਾਨ ਫੈਮਿਲੀਜ, ਚਿਲਡਰਨ ਐਂਡ ਸੋਸਲ ਡਿਵੈਲਪਮੈਂਟ ਮੰਤਰੀ ਕਰੀਨਾ ਗੋਲਡ ਨੇ ਦੱਸਿਆ ਕਿ ਅਸੀਂ ਇਸ ਤਰ੍ਹਾਂ ਦੀ ਮੰਗ ਵਧਣ ਦਾ ਅੰਦਾਜਾ ਲਾ ਕੇ ਚੱਲ ਰਹੇ ਸੀ ਪਰ ਵਧੀ ਹੋਈ ਡਿਮਾਂਡ ਨੇ ਸਾਰੇ ਕਿਆਫਿਆਂ ਨੂੰ ਗਲਤ ਸਿੱਧ ਕਰ ਦਿੱਤਾ ਤੇ ਇਹ ਸਾਡੀ ਸਮਰੱਥਾ ਦਾ ਵੀ ਇਮਤਿਹਾਨ ਲੈ ਰਹੀ ਹੈ।