ਕਾਊਂਸਲ ਵੱਲੋਂ ਕੀਤਾ ਗਿਆ ਸਮਰਥਨ
ਬਰੈਂਪਟਨ, ਓਨਟਾਰੀਓ : ਪਲੈਨਿੰਗ ਐਂਡ ਇਨਫਰਾਸਟ੍ਰਕਚਰ ਸਰਵਿਸਿਜ਼ ਕਮੇਟੀ ਦੀ ਮੀਟਿੰਗ ਵਿੱਚ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਕਾਮਾਗਾਟਾਮਾਰੂ ਘਟਨਾ ਦੇ ਨਾਂ ਉੱਤੇ ਸ਼ਹਿਰ ਦੇ ਪਾਰਕ ਦਾ ਨਾਂ ਰੱਖਣ ਦੇ ਪ੍ਰਸਤਾਵ ਦਾ ਕਾਊਂਸਲ ਵੱਲੋਂ ਸਮਰਥਨ ਕੀਤਾ ਗਿਆ। ਕਾਊਂਸਲਰ ਢਿੱਲੋਂ ਨੇ ਇਸ ਮੌਕੇ ਆਖਿਆ ਕਿ ਕਾਮਾਗਾਟਾਮਾਰੂ ਕੈਨੇਡੀਅਨ ਇਤਿਹਾਸ ਦਾ ਕਾਲਾ ਅਧਿਆਏ ਸੀ। ਇਸ ਵੱਡੀ ਤ੍ਰਾਸਦੀ ਵਿੱਚ ਕੈਨੇਡਾ ਵੱਲੋਂ ਨਿਭਾਈ ਗਈ ਭੂਮਿਕਾ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਰਸਮੀ ਤੌਰ ਉੱਤੇ ਮੁਆਫੀ ਮੰਗ ਚੁੱਕੇ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਉੱਤੇ ਮਾਣ ਹੈ ਕਿ ਬਰੈਂਪਟਨ ਸ਼ਹਿਰ ਵੱਲੋਂ ਸਾਡੇ ਅਤੀਤ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਤੇ ਕਮਿਊਨਿਟੀ ਨਾਲ ਸਾਡੀਆਂ ਤੰਦਾਂ ਹੋਰ ਮਜ਼ਬੂਤੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਢਿੱਲੋਂ ਤਿੰਨ ਅਜਿਹੇ ਪਾਰਕਾਂ ਜਾਂ ਥਾਂਵਾਂ ਦੀ ਚੋਣ ਕਰਨ ਵਿੱਚ ਅਮਲੇ ਨਾਲ ਰਲ ਕੇ ਕੰਮ ਕਰਨਗੇ ਜਿੱਥੇ ਇਸ ਘਟਨਾ ਨਾਲ ਸਬੰਧਤ ਯਾਦਗਾਰ ਕਾਇਮ ਕੀਤੀ ਜਾ ਸਕੇ। ਇਹ ਪਾਰਕ ਵਾਰਡ ਨੰ: 9 ਤੇ 10 ਵਿੱਚ ਸਥਿਤ ਹੋਣਗੇ। ਸਟਾਫ ਵੱਲੋਂ ਨਵੇਂ ਸਾਲ ਵਿੱਚ ਇਸ ਯੋਜਨਾ ਦਾ ਵੇਰਵਾ ਦਿੱਤਾ ਜਾਵੇਗਾ। ਇਸ ਲਈ ਪ੍ਰੋਵਿੰਸ਼ੀਅਲ ਤੇ ਫੈਡਰਲ ਫੰਡਿੰਗ ਦੀ ਵੀ ਲੋੜ ਹੋਵੇਗੀ।
ਜ਼ਿਕਰਯੋਗ ਹੈ ਕਿ ਪਹਿਲੀ ਵਿਸ਼ਵ ਜੰਗ ਦੀ ਪੂਰਬ ਸੰਧਿਆ ਮੌਕੇ ਐੱਸਐੱਸ ਕਾਮਾਗਾਟਾਮਾਰੂ ਬੇੜਾ ਇਮੀਗ੍ਰੈਂਟਸ, ਜਿਨ੍ਹਾਂ ਵਿੱਚੋਂ ਬਹੁਤੇ ਪੰਜਾਬ ਨਾਲ ਸਬੰਧਤ ਸਨ, ਨੂੰ ਕੈਨੇਡਾ ਲਿਜਾਣ ਲਈ ਹਾਂਗ-ਕਾਂਗ ਤੋਂ ਰਵਾਨਾ ਹੋਇਆ। ਮਈ 1914 ਵਿੱਚ ਇਹ ਬੇੜਾ ਵੈਨਕੂਵਰ ਬੰਦਰਗਾਹ ਪਹੁੰਚਿਆ ਜਿੱਥੇ ਕੈਨੇਡੀਅਨ ਅਧਿਕਾਰੀਆਂ ਨੇ ਪਰਵਾਸੀਆਂ ਦੇ ਕੈਨੇਡਾ ਦਾਖਲ ਹੋਣ ਉੱਤੇ ਰੋਕ ਲਾ ਦਿੱਤੀ। ਅਜਿਹਾ ਤਤਕਾਲੀ ਨਸਲਵਾਦੀ ਇਮੀਗ੍ਰੇਸ਼ਨ ਨਿਯਮਾਂ ਦੇ ਚੱਲਦਿਆਂ ਹੋਇਆ। ਯਾਤਰੀਆਂ ਨੂੰ ਭੋਜਨ ਤੇ ਪਾਣੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ। ਨਾ ਹੀ ਉਨ੍ਹਾਂ ਨੂੰ ਬੇੜੇ ਤੋਂ ਉਤਰਨ ਦੀ ਇਜਾਜ਼ਤ ਹੀ ਦਿੱਤੀ ਗਈ। ਕਾਮਾਗਾਟਾਮਾਰੂ ਘਟਨਾ ਦੀ ਸ਼ਤਾਬਦੀ ਪੂਰੀ ਹੋਣ ਦੇ ਨੇੜੇ ਪਹੁੰਚਣ ਕਾਰਨ ਕੈਨੇਡੀਅਨ ਸਿੱਖਾਂ ਨੇ ਕੈਨੇਡਾ ਦੀ ਸਰਕਾਰ ਤੋਂ ਰਸਮੀ ਤੌਰ ਉੱਤੇ ਇਸ ਘਟਨਾ ਲਈ ਮੁਆਫੀ ਮੰਗਣ ਦਾ ਦਬਾਅ ਪਾਇਆ। ਇਸ ਦੇ ਮੱਦੇਨਜ਼ਰ 18 ਮਈ, 2016 ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਟਵਾ ਵਿੱਚ ਹਾਊਸ ਆਫ ਕਾਮਨਜ਼ ਵਿੱਚ ਰਸਮੀ ਤੌਰ ਉੱਤੇ ਇਸ ਘਟਨਾ ਲਈ ਮੁਆਫੀ ਮੰਗੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …