Breaking News
Home / ਮੁੱਖ ਲੇਖ / ਗੁਰੂ-ਘਰਾਂ ਅੰਦਰ ਬੇਅਦਬੀਆਂ ਦੇ ਅਸਲ ਕਾਰਨ ਵੱਲ ਮੁਖਾਤਿਬ ਹੋਣ ਦੀ ਲੋੜ

ਗੁਰੂ-ਘਰਾਂ ਅੰਦਰ ਬੇਅਦਬੀਆਂ ਦੇ ਅਸਲ ਕਾਰਨ ਵੱਲ ਮੁਖਾਤਿਬ ਹੋਣ ਦੀ ਲੋੜ

ਤਲਵਿੰਦਰ ਸਿੰਘ ਬੁੱਟਰ
ਕੁਝ ਸਾਲ ਪਹਿਲਾਂ ਲਹਿੰਦੇ ਪੰਜਾਬ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਗਏ ਇਕ ਸਿੱਖ ਵਿਦਵਾਨ ਨੇ ਉੱਥੇ ਇਕ ਬਜ਼ੁਰਗ ਨੂੰ ਪੁੱਛਿਆ ਕਿ, ਇੱਥੇ ਗੁਰਦੁਆਰਿਆਂ ਦੇ ਨਾਂਅ ਹਜ਼ਾਰਾਂ ਏਕੜ ਜ਼ਮੀਨਾਂ ਹੋਣ ਦੇ ਬਾਵਜੂਦ ਗੁਰਦੁਆਰੇ ਬਹੁਤ ਛੋਟੇ-ਛੋਟੇ ਕਿਉਂ ਹਨ? ਤਾਂ ਅੱਗੋਂ ਬਜ਼ੁਰਗ ਕਹਿਣ ਲੱਗਾ, ਗੁਰਦੁਆਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਗਤ ਕਰਨ ਲਈ ਬਣਵਾਏ ਸਨ ਅਤੇ ਸੰਗਤ ਲਈ ਤਾਂ ਏਨੀ ਕੁ ਜਗ੍ਹਾ ਹੀ ਕਾਫ਼ੀ ਹੁੰਦੀ ਹੈ।
ਇੱਧਰ ਸਾਡੇ ਚੜ੍ਹਦੇ ਪੰਜਾਬ ‘ਚ ਸਥਿਤੀ ਬਿਲਕੁਲ ਇਸ ਦੇ ਉਲਟ ਹੈ। ਪਿਛਲੇ ਅਰਸੇ ਦੌਰਾਨ ਅਸੀਂ ਇਤਿਹਾਸਕ ਗੁਰਦੁਆਰਿਆਂ ਦੀਆਂ ਗੁਰੂ-ਕਾਲ ਜਾਂ ਸਿੱਖ ਰਾਜ ਵੇਲੇ ਦੀਆਂ ਬਣੀਆਂ ਇਤਿਹਾਸਕ ਇਮਾਰਤਾਂ ਨੂੰ ਢਾਹ ਕੇ ਉੱਥੇ ਵੱਡੇ-ਵੱਡੇ ਅਤੇ ਆਲੀਸ਼ਾਨ ਗੁਰਦੁਆਰੇ ਉਸਾਰ ਦਿੱਤੇ ਹਨ। ਇਸੇ ਦੇ ਕਾਰਨ ਉਨ੍ਹਾਂ ਪੁਰਾਤਨ ਇਮਾਰਤਾਂ ਵਿਚੋਂ ਰੂਪਮਾਨ ਹੁੰਦੇ ਸੰਗਤੀ ਸੰਕਲਪ, ਸਿੱਖ ਭਵਨ ਨਿਰਮਾਣ ਕਲਾ ਅਤੇ ਵਾਸਤੂ ਸ਼ਾਸਤਰ ਆਦਿ ਵੀ ਗੁਆਚਦੇ ਜਾ ਰਹੇ ਹਨ। ਸਾਡੀ ਹਾਲਤ ਇਹ ਬਣ ਗਈ ਹੈ ਕਿ ਗੁਰਦੁਆਰੇ ਪੱਕੇ ਹੋ ਗਏ ਪਰ ਸਿੱਖ ਕੱਚੇ ਹੋ ਗਏ। ਜ਼ਿਆਦਾਤਰ ਗੁਰਦੁਆਰਿਆਂ ਦੇ ਵੱਡੇ-ਵੱਡੇ ਦਰਬਾਰਾਂ ਵਿਚ ਕੀਰਤਨ, ਕਥਾ ਜਾਂ ਗੁਰਬਾਣੀ ਸੁਣਨ ਲਈ ਬੈਠੇ ਸਰੋਤਿਆਂ ਦੀ ਗਿਣਤੀ ਨਾਂ-ਮਾਤਰ ਹੁੰਦੀ ਹੈ।
ਗੁਰਦੁਆਰੇ ਦਾ ਅਰਥ ਹੈ ਗੁਰੂ ਦੇ ਜ਼ਰੀਏ, ਗੁਰੂ ਦੀ ਮਾਰਫ਼ਤ। ਗੁਰਦੁਆਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ‘ਧਰਮਸਾਲ’ ਕਿਹਾ ਜਾਂਦਾ ਰਿਹਾ ਹੈ। ਇਹ ਅਸਥਾਨ ਦਸ ਗੁਰੂ ਸਾਹਿਬਾਨ ਨੇ ਧਰਮ ਪ੍ਰਚਾਰ ਲਈ ਬਣਾਏ ਸਨ। ਇਨ੍ਹਾਂ ਨੂੰ ਸਿੱਖਾਂ ਦੀ ਇਬਾਦਤਗਾਹ ਕਿਹਾ ਜਾ ਸਕਦਾ ਹੈ। ਪਰ ਪਿਛਲੇ ਅਰਸੇ ਦੌਰਾਨ ਸਿੱਖਾਂ ਦੇ ‘ਮੱਕੇ’ ਸ੍ਰੀ ਹਰਿਮੰਦਰ ਸਾਹਿਬ ਤੋਂ ਲੈ ਕੇ ਬਹੁਤ ਸਾਰੇ ਇਤਿਹਾਸਕ ਗੁਰਦੁਆਰਿਆਂ ਵਿਚ ਸੁੰਦਰੀਕਰਨ ਦੇ ਨਾਂਅ ‘ਤੇ ਅਜਿਹੀਆਂ ਬੁਨਿਆਦੀ ਤਬਦੀਲੀਆਂ ਕਰ ਦਿੱਤੀਆਂ ਗਈਆਂ, ਜੋ ਇਨ੍ਹਾਂ ਅਸਥਾਨਾਂ ਦੀ ਰੂਹਾਨੀ ਮਹੱਤਤਾ ਨੂੰ ਘਟਾ ਰਹੀਆਂ ਹਨ।
ਪੰਜਾਬ ‘ਚ ਤਕਰੀਬਨ ਸਾਢੇ 12 ਹਜ਼ਾਰ ਪਿੰਡ ਹੈ ਜਦੋਂਕਿ ਗੁਰਦੁਆਰਿਆਂ ਦੀ ਗਿਣਤੀ 37 ਹਜ਼ਾਰ ਤੋਂ ਵੀ ਵੱਧ ਹੈ। ਹਰ ਪਿੰਡ ਵਿਚ ਔਸਤਨ ਤਿੰਨ ਗੁਰਦੁਆਰੇ ਹਨ। ਪਿੱਛੇ ਜਿਹੇ ‘ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼’ ਵਲੋਂ ਪੰਜਾਬ ਅੰਦਰ ਗੁਰਦੁਆਰਿਆਂ ਸਬੰਧੀ ਕੀਤੀ ਖੋਜ ‘ਚ ਖੁਲਾਸਾ ਕੀਤਾ ਗਿਆ ਸੀ ਕਿ ਪੰਜਾਬ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ ਅੰਦਰ ਲੋਕਾਂ ਨੇ ਜਾਤ-ਪਾਤ ਤੋਂ ਇਲਾਵਾ ਆਪਣੇ ਨਿੱਜੀ ਗੁਰਦੁਆਰੇ ਵੀ ਉਸਾਰ ਲਏ ਹਨ। ਹੁਣ ਇਹੋ ਜਿਹੇ ਹਾਲਾਤਾਂ ਵਿਚ ਗੁਰਦੁਆਰਾ ਸੰਸਥਾ ਨੂੰ ਉਸ ਮੂਲ ਮਨੋਰਥ ਦੇ ਮੁਖਾਤਿਬ ਕਿੰਜ ਕੀਤਾ ਜਾ ਸਕਦਾ ਹੈ, ਜਿਨ੍ਹਾਂ ਕੁਰੀਤੀਆਂ ਨੂੰ ਦੂਰ ਕਰਨ ਲਈ ਗੁਰੂ ਸਾਹਿਬਾਨ ਨੇ ਸਾਨੂੰ ਸੰਗਤ ਕਰਨ ਲਈ ਗੁਰਦੁਆਰੇ ਬਖ਼ਸ਼ੇ ਸਨ? ਗੁਰਮਤਿ ਦਾ ਮੂਲ ਸਿਧਾਂਤ ਹੀ ਜਾਤ-ਪਾਤ, ਰੰਗ-ਨਸਲ ਅਤੇ ਭਿੰਨ-ਭੇਦ ਨੂੰ ਦੂਰ ਕਰਨਾ ਸੀ ਪਰ ਇਨ੍ਹਾਂ ਵਿਤਕਰਿਆਂ ਦੇ ਆਧਾਰ ‘ਤੇ ਹੀ ਅਸੀਂ ਅੱਜ ਗੁਰਦੁਆਰੇ ਉਸਾਰ ਕੇ ਬੈਠ ਗਏ ਹਾਂ। ਪਿੰਡਾਂ ਵਿਚ ਜਾਤਾਂ ਜਾਂ ਧੜੇਬੰਦੀਆਂ ‘ਤੇ ਆਧਾਰਤ ਧੜਾਧੜ ਗੁਰਦੁਆਰਿਆਂ ਦੀ ਉਸਾਰੀ ਹੀ ਅੱਜ ਬੇਅਦਬੀਆਂ ਵਰਗੇ ਬੇਰੋਕ ਹਿਰਦੇਵੇਦਕ ਵਰਤਾਰੇ ਦਾ ਕਾਰਨ ਬਣ ਰਹੀ ਹੈ।
ਪਿਛਲੇ ਤਕਰੀਬਨ 7-8 ਸਾਲਾਂ ਅੰਦਰ ਹੀ 450 ਤੋਂ ਵੱਧ ਬੇਅਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਹਰ ਦੂਜੇ-ਤੀਜੇ ਦਿਨ ਕਿਸੇ ਪਿੰਡ ਦੇ ਗੁਰਦੁਆਰੇ ਅੰਦਰ ਬੇਅਦਬੀ ਦੀ ਘਟਨਾ ਵਾਪਰ ਰਹੀ ਹੈ। ਹੁਣ ਤਾਂ ਇਹ ਵਰਤਾਰਾ ਵੱਡੇ ਗੁਰਦੁਆਰਿਆਂ ਤੱਕ ਪਹੁੰਚਣ ਲੱਗ ਪਿਆ ਹੈ। ‘ਸਤਿਕਾਰ ਕਮੇਟੀ ਯੂ.ਕੇ.’ ਵਲੋਂ ਸਾਲ 2018-19 ਵਿਚ ਲਗਪਗ ਦੋ ਸਾਲ ਲਗਾ ਕੇ ਸਿਰਫ਼ ਗੁਰਦਾਸਪੁਰ ਜ਼ਿਲ੍ਹੇ ਵਿਚ ਗੁਰਦੁਆਰਿਆਂ ਦਾ ਸਰਵੇਖਣ ਕੀਤਾ ਗਿਆ ਸੀ, ਜਿਸ ਅਨੁਸਾਰ ਜ਼ਿਲ੍ਹੇ ਦੇ 1401 ਪਿੰਡਾਂ ਦੇ ਮੁਕਾਬਲੇ ਗੁਰਦੁਆਰਿਆਂ ਦੀ ਗਿਣਤੀ 2140 ਪਾਈ ਗਈ। ਇੱਥੇ ਹੀ ਬੱਸ ਨਹੀਂ, 800 ਦੇ ਕਰੀਬ ਗੁਰਦੁਆਰੇ ਬਿਨ੍ਹਾਂ ਗ੍ਰੰਥੀ ਸਿੰਘਾਂ ਤੋਂ ਪਾਏ ਗਏ। ਇਸ ਸਰਵੇਖਣ ਅਨੂਸਾਰ 1322 ਗੁਰਦੁਆਰਿਆਂ ਦੀ ਪ੍ਰਬੰਧਕੀ ਕਮੇਟੀ ਦਾ ਇਕ ਵੀ ਮੈਂਬਰ ਅੰਮ੍ਰਿਤਧਾਰੀ ਨਹੀਂ ਸੀ। ਜਦੋਂ ਹਾਲਾਤ ਇਹ ਹਨ ਤਾਂ ਅਸੀਂ ਬੇਅਦਬੀਆਂ ਕਿੰਜ ਰੋਕ ਲਵਾਂਗੇ?
ਬਹੁਤ ਸਾਰੇ ਪਿੰਡਾਂ ਦੇ ਗੁਰਦੁਆਰੇ ਬਾਹਰਵਾਰ ਜਾਂ ਸੁੰਨਸਾਨ ਥਾਵਾਂ ‘ਤੇ ਹੁੰਦੇ ਹਨ। ਬਹੁਤੇ ਗੁਰੂ-ਘਰਾਂ ਦੇ ਗ੍ਰੰਥੀ ਸਿੰਘਾਂ ਨੂੰ ਸੇਵਾ ਫਲ ਬਹੁਤ ਘੱਟ ਮਿਲਦਾ ਹੋਣ ਕਾਰਨ ਉਹ ਸਵੇਰੇ-ਸ਼ਾਮ ਨਿੱਤਨੇਮ ਕਰਨ ਤੋਂ ਬਾਅਦ ਜਿੰਦਰਾ ਲਾ ਕੇ, ਹੋਰ ਕੰਮਾਂ-ਕਾਰਾਂ ਲਈ ਚਲੇ ਜਾਂਦੇ ਹਨ। ਮਗਰੋਂ ਗੁਰੂ-ਘਰ ਦੀ ਕੋਈ ਪਹਿਰੇਦਾਰੀ ਨਹੀਂ ਰਹਿ ਜਾਂਦੀ। ਅਜਿਹੇ ਵਿਚ ਸ਼ਰਾਰਤੀ ਅਨਸਰ ਜਿੰਦਰਾ ਭੰਨ ਕੇ ਗੁਰਦੁਆਰਿਆਂ ਦੀ ਬੇਅਦਬੀ ਕਰ ਜਾਂਦੇ ਹਨ। ਮਗਰੋਂ ਜੋ ਵੀ ਹੁੰਦਾ ਰਹੇ, ਪਰ ਅੱਜ ਤੱਕ ਬੇਅਦਬੀਆਂ ਦੇ ਅਸਲ ਕਾਰਨਾਂ ਨੂੰ ਮੁਖਾਤਿਬ ਹੋਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾ ਰਹੀ। ਕਿਸੇ ਘਰ ਵਿਚ ਵਾਰ-ਵਾਰ ਚੋਰੀ ਹੋਈ ਜਾਵੇ ਤਾਂ ਲੋਕ ਚੋਰ ਨੂੰ ਨਹੀਂ ਘਰ ਦੇ ਮਾਲਕ ਨੂੰ ਦੋਸ਼ ਦੇਣ ਲੱਗ ਜਾਂਦੇ ਹਨ। ਪਰ ਸਾਡੇ ਗੁਰਦੁਆਰਿਆਂ ਅੰਦਰ ਹਰ ਤੀਜੇ ਦਿਨ ਬੇਅਦਬੀਆਂ ਦੀਆਂ ਘਟਨਾਵਾਂ ਹੋਣ ਦੇ ਬਾਵਜੂਦ ਅਸੀਂ ਗੁਰਦੁਆਰਿਆਂ ਦੀ ਮਰਯਾਦਾ ਅਤੇ ਸੁਰੱਖਿਆ ਨੂੰ ਕਾਇਮ ਰੱਖਣ ਲਈ ਚੇਤੰਨ ਨਹੀਂ ਹੋ ਰਹੇ।
ਪੁਰਾਤਨ ਸਮਿਆਂ ਵਿਚ ਸਿੱਖ ਸੰਪਰਦਾਵਾਂ ਦੀ ਇਕ ਮਰਯਾਦਾ ਹੁੰਦੀ ਸੀ ਕਿ ਕਿਤੇ ਵੀ ਸ੍ਰੀ ਅਖੰਡ ਪਾਠ ਸਾਹਿਬ ਰੱਖਣ ਲਈ ਘੱਟੋ-ਘੱਟ 25 ਸਿੰਘਾਂ ਦੀ ਮੌਜੂਦਗੀ ਹੋਵੇ। ਤਰਤੀਬਵਾਰ ਹਰ ਵੇਲੇ ਘੱਟੋ-ਘੱਟ ਪੰਜ ਸਿੰਘ ਹਾਜ਼ਰ ਰਹਿਣੇ ਲਾਜ਼ਮੀ ਹੁੰਦੇ ਸਨ। ਪਰ ਅੱਜ ਅਖੰਡ ਪਾਠ ਸਾਹਿਬ ਤਾਂ ਛੱਡੋ, ਗੁਰਦੁਆਰਿਆਂ ਵਿਚ ਅਸੀਂ ਹਰ ਵੇਲੇ ਘੱਟੋ-ਘੱਟ ਇਕ ਪਹਿਰੇਦਾਰ ਦੀ ਹਾਜ਼ਰੀ ਵੀ ਯਕੀਨੀ ਨਹੀਂ ਬਣਾ ਸਕਦੇ। ਬੇਅਦਬੀਆਂ ਦਾ ਵੱਡਾ ਕਾਰਨ ਅਜਿਹਾ ਅਵੇਸਲਾਪਨ ਹੀ ਹੈ। ਇਤਿਹਾਸਕ ਗੁਰਦੁਆਰਿਆਂ ਵਿਚ ਵੀ ਲੋੜ ਤੋਂ ਵੱਧ ਥਾਵਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰ ਦਿੱਤੇ ਗਏ ਹਨ। ਸ੍ਰੀ ਅਨੰਦਪੁਰ ਸਾਹਿਬ ਦੇ ਪੁਰਾਣੇ ਵਸਨੀਕ ਦੱਸਦੇ ਹਨ ਕਿ ਇੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਕਿਲ੍ਹਾ ਅਨੰਦਗੜ੍ਹ ਸਾਹਿਬ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਇਲਾਵਾ ਹੋਰ ਕਿਸੇ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੁੰਦਾ ਸੀ। ਹੁਣ ਹਰ ਗੁਰਦੁਆਰੇ ਅੰਦਰ ਕਈ-ਕਈ ਥਾਵਾਂ ‘ਤੇ ਪ੍ਰਕਾਸ਼ ਹੈ ਪਰ ਸੇਵਾ-ਸੰਭਾਲ ਲਈ ਸੇਵਾਦਾਰ ਨਹੀਂ ਹਨ। ਪਹਿਲੇ ਸਮਿਆਂ ਵਿਚ ਬਹੁਤੇ ਇਤਿਹਾਸਕ ਅਸਥਾਨਾਂ ‘ਤੇ ਜੇਕਰ ਸੇਵਾ-ਸੰਭਾਲ ਲਈ ਯੋਗ ਪ੍ਰਬੰਧ ਨਹੀਂ ਹੋ ਸਕਦੇ ਸਨ ਤਾਂ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਬਜਾਇ ਕੇਵਲ ਥੜ੍ਹਾ ਸਾਹਿਬ ਹੀ ਹੁੰਦੇ ਸਨ। ਕੁਝ ਇਤਿਹਾਸਕ ਗੁਰਦੁਆਰਿਆਂ ਵਿਚ ਕਈ ਵਾਰ ਵੇਖਣ ਵਿਚ ਮਿਲਦਾ ਹੈ ਕਿ ਇਕ-ਇਕ ਗ੍ਰੰਥੀ ਸਿੰਘ ਹੀ ਵਾਰੀ-ਵਾਰੀ ਤਿੰਨ-ਤਿੰਨ ਥਾਵਾਂ ‘ਤੇ ਪ੍ਰਕਾਸ਼ ਅਤੇ ਸੁਖਆਸਨ ਕਰਦਾ ਹੈ। ਅਜਿਹੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਅਤੇ ਸੁਰੱਖਿਆ ਨੂੰ ਬਹਾਲ ਰੱਖਣ ਬਾਰੇ ਕਿਵੇਂ ਸੋਚਿਆ ਜਾ ਸਕਦਾ ਹੈ? ਗੁਰਦੁਆਰਾ ਸਾਹਿਬ ਦੀ ਮੂਲ ਪ੍ਰੀਭਾਸ਼ਾ ਨੂੰ ਮੁਖਾਤਿਬ ਹੁੰਦਿਆਂ ਅੱਜ ਸਭ ਤੋਂ ਵੱਡੀ ਲੋੜ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਘੋਰ ਬੇਅਦਬੀਆਂ ਰੋਕਣ ਲਈ ਪੰਥ ਵਲੋਂ ਵੱਡੇ ਫ਼ੈਸਲੇ ਲਏ ਜਾਣ। ਦੁਸ਼ਮਣ ਨੂੰ ਦੋਸ਼ ਦੇਣ ਤੋਂ ਪਹਿਲਾਂ ਆਪਣੇ ਘਰ ਦੀ ਪਹਿਰੇਦਾਰੀ ਮਜ਼ਬੂਤ ਕੀਤੀ ਜਾਵੇ। ਹਰ ਪਿੰਡ ਵਿਚ ਇਕ ਹੀ ਗੁਰਦੁਆਰਾ ਸਾਹਿਬ ਹੋਵੇ ਅਤੇ ਉਹ ਵੀ ਸਹੀ ਰੂਪ ਵਿਚ ਆਪਣੇ ਮੂਲ ਉਦੇਸ਼ਾਂ ਵੱਲ ਸੇਧਿਤ ਹੋਵੇ। ਗੁਰਦੁਆਰਿਆਂ ਦੇ ਵੱਡੇ-ਵੱਡੇ ਦਰਬਾਰ ਹਾਲ ਉਸਾਰਨ ਦੀ ਥਾਂ ‘ਸੰਗਤ’ ਦੀ ਉਸ ਪਰੰਪਰਾ ਨੂੰ ਪ੍ਰਫੁਲਤ ਕੀਤਾ ਜਾਵੇ, ਜਿਹੜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਥੀ ਭਾਈ ਮਰਦਾਨੇ ਨੂੰ ਲੈ ਕੇ ‘ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥” ਦੇ ਉਦੇਸ਼ ਲਈ ਖੜ੍ਹੀ ਕੀਤੀ ਸੀ।

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …