Breaking News
Home / ਖੇਡਾਂ / ਰਾਸ਼ਟਰਪਤੀ ਵਲੋਂ ਭਾਰਤੀ ਖੇਡ ਹੀਰਿਆਂ ਦਾ ਸਨਮਾਨ

ਰਾਸ਼ਟਰਪਤੀ ਵਲੋਂ ਭਾਰਤੀ ਖੇਡ ਹੀਰਿਆਂ ਦਾ ਸਨਮਾਨ

1473685__d138929134ਸਿੰਧੂ, ਸਾਕਸ਼ੀ, ਕਰਮਾਕਰ ਤੇ ਰਾਏ ਨੂੰ ਖੇਡ ਰਤਨ ਨਾਲ ਨਿਵਾਜ਼ਿਆ, ਲਲਿਤਾ ਬਾਬਰ ਨੂੰ ਮਿਲਿਆ ਅਰਜੁਨ ਐਵਾਰਡ
ਨਵੀਂ ਦਿੱਲੀ/ਬਿਊਰੋ ਨਿਊਜ਼
ਨਾਰੀ ਸ਼ਕਤੀ ਦੀ ਜੈ ਜੈਕਾਰ ਦਾ ਅਨੋਖਾ ਨਜ਼ਾਰਾ ਰਾਸ਼ਟਰਪਤੀ ਭਵਨ ਵਿੱਚ ਦੇਖਣ ਨੂੰ ਮਿਲਿਆ ਜਦੋਂ ਰਾਸ਼ਟਰਪਤੀ ਨੇ ਰੀਓ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ, ਪਹਿਲਵਾਨ ਸਾਕਸ਼ੀ ਮਲਿਕ ਅਤੇ ਜਿਮਨਾਸਟ ਦੀਪਾ ਕਰਮਾਕਰ ਨੂੰ ਰਾਜੀਵ ਗਾਂਧੀ ਖੇਡ ਰਤਨ ਨਾਲ ਨਿਵਾਜਿਆ, ਜਦਕਿ ਨਿਸ਼ਾਨੇਬਾਜ਼ ਜੀਤੂ ਰਾਏ ਨੂੰ ਵੀ ਦੇਸ਼ ਦਾ ਸਰਬਉੱਚ ਖੇਡ ਪੁਰਸਕਾਰ ਦਿੱਤਾ ਗਿਆ। ਪਹਿਲੀ ਵਾਰ ਚਾਰ ਖਿਡਾਰੀਆਂ ਨੂੰ ਖੇਡ ਰਤਨ ਐਵਾਰਡ ਨਾਲ ਨਿਵਾਜਿਆ ਗਿਆ ਹੈ।
ਸਿੰਧੂ ਨੇ ਰੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਤੇ ਸਾਕਸ਼ੀ ਮਹਿਲਾ ਕੁਸ਼ਤੀ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ ਅਤੇ ਦੀਪਾ ਨੇ ਜਿਮਨਾਸਟਿਕ ਵਿੱਚ ਕੁਆਇਲੀਫਾਈ ਕਰਨ ਵਾਲੀ ਪਹਿਲੀ ਮਹਿਲਾ ਬਣਨ ਤੋਂ ਬਾਅਦ ਚੌਥਾ ਸਥਾਨ ਹਾਸਲ ਕੀਤਾ। ਜੀਤੂ ਨੇ 2014 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਅਤੇ ਆਈਐਸਐਸਐਫ ਵਿਸ਼ਵ ਕੱਪ ਵਿੱਚ ਪੁਰਸ਼ਾਂ ਦੇ ਦਸ ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਸੀ ਹਾਲਾਂਕਿ ਰੀਓ ਓਲੰਪਿਕ ਵਿੱਚ ਉਹ ਤਗ਼ਮਾ ਨਹੀਂ ਸੀ ਜਿੱਤ ਸਕਿਆ।
ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਤਿਹਾਸਕ ਦਰਬਾਰ ਹਾਲ ਵਿੱਚ ਕਰਵਾਏ ਸਮਾਗਮ ਦੌਰਾਨ ਖਿਡਾਰੀਆਂ ਨੂੰ ਤਗ਼ਮੇ, ਸਰਟੀਫਿਕੇਟ ਅਤੇ 7.5-7.5 ਲੱਖ ਰੁਪਏ ਦਿੱਤੇ। ਇਸ ਮੌਕੇ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਖਿੱਚ ਦਾ ਕੇਂਦਰ ਰਹੀ, ਉਹ ਰੀਓ ਓਲੰਪਿਕ ਦੇ ਕੁਆਰਟਰ ਫਾਈਨਲ ਵਿਚ ਗੋਡੇ ਦੀ ਸੱਟ ਕਾਰਨ ਹਾਰ ਕੇ ਬਾਹਰ ਹੋ ਗਈ ਸੀ। ਵ੍ਹੀਲ ਚੇਅਰ ‘ਤੇ ਆਈ ਵਿਨੇਸ਼ ਨੂੰ ਪੁਰਸਕਾਰ ਦੇਣ ਲਈ ਰਾਸ਼ਟਰਪਤੀ ਖ਼ੁਦ ਅੱਗੇ ਆਏ ਅਤੇ ਹਾਲ ਵਿਚ ਮੌਜੂਦ ਲੋਕਾਂ ਨੇ ਤਾੜੀਆਂ ਨਾਲ ਇਸ ਖਿਡਾਰਨ ਦੇ ਜਜ਼ਬੇ ਨੂੰ ਸਰਾਹਿਆ।
ਕ੍ਰਿਕਟਰ ਅਜਿੰਕਿਆ ਰਹਾਣੇ ਨੂੰ ਛੱਡ ਕੇ ਸਾਰੇ 14 ਖਿਡਾਰੀ ਅਰਜੁਨ ਐਵਾਰਡ ਲੈਣ ਲਈ ਮੌਜੂਦ ਸਨ, ਜਿਨ੍ਹਾਂ ਨੂੰ ਮੂਰਤੀ, ਸਰਟੀਫਿਕੇਟ ਅਤੇ ਪੰਜ-ਪੰਜ ਲੱਖ ਰੁਪਏ ਨਕਦ ਦਿੱਤੇ ਗਏ। ਰੀਓ ਓਲੰਪਿਕ ਵਿੱਚ 3000 ਮੀਟਰ ਸਟੀਪਲਚੇਜ਼ ਵਿੱਚ 10ਵੇਂ ਸਥਾਨ ‘ਤੇ ਰਹੀ ਲੰਬੀ ਦੂਰੀ ਦੀ ਦੌੜਾਕ ਲਲਿਤਾ ਬਾਬਰ, ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਪਿ ਵਿੱਚ ਤਗ਼ਮਾ ਜਿੱਤਣ ਵਾਲੇ ਮੁੱਕੇਬਾਜ਼ ਸ਼ਿਵ ਥਾਪਾ, ਹਾਕੀ ਖਿਡਾਰੀ ਵੀ.ਆਰ. ਰਘੂਨਾਥ ਅਤੇ ਰਾਣੀ ਰਾਮਪਾਲ ਨੂੰ ਵੀ ਅਰਜੁਨ ਐਵਾਰਡ ਦਿੱਤਾ ਗਿਆ।
ਤੀਰਅੰਦਾਜ਼ ਰਜਤ ਚੌਹਾਨ, ਬਿਲੀਅਰਡਜ਼ ਤੇ ਸਨੂਕਰ ਖਿਡਾਰੀ ਸੌਰਵ ਕੋਠਾਰੀ, ਫੁਟਬਾਲ ਖਿਡਾਰੀ ਸੁਬ੍ਰਤ ਪਾਲ, ਨਿਸ਼ਾਨੇਬਾਜ਼ ਗੁਰਪ੍ਰੀਤ ਸਿੰਘ ਅਤੇ ਅਪੂਰਵੀ ਚੰਦੇਲਾ, ਟੇਬਲ ਟੈਨਿਸ ਖਿਡਾਰੀ ਸੌਮਿਆਜੀਤ ਘੋਸ਼ ਨੂੰ ਵੀ ਅਰਜੁਨ ਐਵਾਰਡ ਦਿੱਤਾ ਗਿਆ। ਇਸ ਸਾਲ ਛੇ ਕੋਚਾਂ ਨੂੰ ਦਰੋਣਾਚਾਰਿਆ ਐਵਾਰਡ ਦਿੱਤੇ ਗਏ ਹਨ। ਇਨ੍ਹਾਂ ਵਿੱਚ ਦੀਪਾ ਦੇ ਕੋਚ ਬਿਸ਼ਵੇਸ਼ਵਰ ਨੰਦੀ ਅਤੇ ਭਾਰਤੀ ਟੈੱਸਟ ਕਪਤਾਨ ਵਿਰਾਟ ਕੋਹਲੀ ਦੇ ਕੋਚ ਰਾਜਕੁਮਾਰ ਸ਼ਰਮਾ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਨਗਾਪੁਰੀ ਰਮੇਸ਼ (ਅਥਲੈਟਿਕਸ), ਸਾਗਰ ਮਲ ਦਿਆਲ (ਮੁੱਕੇਬਾਜ਼ੀ), ਪ੍ਰਦੀਪ ਕੁਮਾਰ (ਤੈਰਾਕੀ), ਅਤੇ ਮਹਾਵੀਰ ਸਿੰਘ (ਕੁਸ਼ਤੀ) ਨੂੰ ਦਰੋਣਾਚਾਰਿਆ ਐਵਾਰਡ ਨਾਲ ਨਿਵਾਜਿਆ ਗਿਆ ਹੈ। ਸੰਨਿਆਸ ਤੋਂ ਬਾਅਦ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਐਵਾਰਡ ਸੱਤੀ ਗੀਤਾ (ਅਥਲੈਟਿਕਸ), ਸਿਲਵਾਨਸ ਡੁੰਗਡੁੰਗ (ਹਾਕੀ) ਅਤੇ ਰਾਜਿੰਦਰ ਪ੍ਰਹਿਲਾਦ ਸ਼ੋਲਕੇ (ਕਿਸ਼ਤੀ ਚਾਲਣ) ਨੂੰ ਦਿੱਤਾ ਗਿਆ। ਤੇਨਜਿੰਗ ਨੋਰਗੇ ਰਾਸ਼ਟਰੀ ਬਹਾਦਰੀ ਐਵਾਰਡ ਤਾਸ਼ੀ ਮਲਿਕ, ਨੁੰਗਸ਼ੀ ਮਲਿਕ, ਦੇਵਾਸ਼ੀਛ ਵਿਸ਼ਵਾਸ, ਰਿਤੂ ਕਿਸ਼ੋਰ ਕੇਡਿਆ, ਬੀ ਰਾਜਕੁਮਾਰ ਅਤੇ ਹਰਭਜਨ ਸਿੰਘ ਨੂੰ ਦਿੱਤਾ ਗਿਆ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …