ਬੁਖਲਾਏ ਤਾਲਿਬਾਨ ਨੇ ਪਾਕਿ ਖਿਲਾਫ ਰੈਲੀ ਕਰ ਰਹੇ ਲੋਕਾਂ ’ਤੇ ਚਲਾ ਦਿੱਤੀਆਂ ਗੋਲੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਪਾਕਿਸਤਾਨ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਹੋਇਆ। ਪਾਕਿ ਵਿਰੁੱਧ ਹੋਏ ਇਸ ਪ੍ਰਦਰਸ਼ਨ ਤੋਂ ਤਾਲਿਬਾਨ ਬੁਰੀ ਤਰ੍ਹਾਂ ਬੁਖਲਾ ਗਿਆ ਅਤੇ ਉਸ ਨੇ ਰੈਲੀ ’ਚ ਸ਼ਾਮਲ ਲੋਕਾਂ ਨੂੰ ਡਰਾਉੁਣ ਲਈ ਫਾਇਰਿੰਗ ਕਰ ਦਿੱਤੀ। ਇਸ ਤੋਂ ਬਾਅਦ ਮਚੀ ਭਗਦੜ ਵਿਚ ਕਈ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚ ਮਹਿਲਾਵਾਂ ਅਤੇ ਬੱਚੇ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪੰਜਸ਼ੀਰ ਦੀ ਜੰਗ ਵਿਚ ਪਾਕਿਸਤਾਨ ਦੇ ਦਖਲ ਅਤੇ ਤਾਲਿਬਾਨ ਦਾ ਸਾਥ ਦੇਣ ਤੋਂ ਅਫਗਾਨਿਸਤਾਨ ਦੇ ਲੋਕਾਂ ਵਿਚ ਗੁੱਸਾ ਹੈ ਅਤੇ ਉਹ ਲਗਾਤਾਰ ਪਾਕਿਸਤਾਨ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਇਸੇ ਦੌਰਾਨ ਕਾਬੁਲ ’ਚ ਲੰਘੀ ਰਾਤ ਵੀ ਮਹਿਲਾਵਾਂ ਨੇ ਪਾਕਿਸਤਾਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ। ਧਿਆਨ ਰਹੇ ਕਿ ਤਾਲਿਬਾਨ ਨੇ ਪੰਜਸੀਰ ਦੀ ਜੰਗ ਜਿੱਤ ਕੇ ਪੂਰੇ ਅਫਗਾਨਿਸਤਾਨ ’ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਨੇ ਪਾਕਿਸਤਾਨ ਦੀ ਮੱਦਦ ਨਾਲ ਇਹ ਲੜਾਈ ਜਿੱਤੀ ਹੈ।