Breaking News
Home / ਭਾਰਤ / ਰਜਨੀਕਾਂਤ ਦਾ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨ

ਰਜਨੀਕਾਂਤ ਦਾ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨ

ਮਨੋਜ ਬਾਜਪਾਈ ਅਤੇ ਧਨੁਸ਼ ਨੂੰ ਵੱਖ-ਵੱਖ ਫਿਲਮਾਂ ਲਈ ਸਰਬੋਤਮ ਅਦਾਕਾਰ ਦਾ ਐਵਾਰਡ
ਨਵੀਂ ਦਿੱਲੀ : ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਕਰਵਾਏ ਗਏ 67ਵੇਂ ਕੌਮੀ ਫਿਲਮ ਪੁਰਸਕਾਰਾਂ 2021 ਸਬੰਧੀ ਸਮਾਗਮ ਦੌਰਾਨ ਰਜਨੀਕਾਂਤ, ਕੰਗਣਾ ਰਣੌਤ, ਮਨੋਜ ਬਾਜਪਾਈ ਅਤੇ ਧਨੁਸ਼ ਸਣੇ ਕਈ ਕਲਾਕਾਰਾਂ ਨੇ ਸ਼ਿਰਕਤ ਕੀਤੀ। ਇਸ ਪੁਰਸਕਾਰ ਸਮਾਗਮ ਦੌਰਾਨ ਮਨੋਜ ਬਾਜਪਾਈ ਅਤੇ ਧਨੁਸ਼ ਨੂੰ ਉਨ੍ਹਾਂ ਦੀਆਂ ਫਿਲਮਾਂ ਕ੍ਰਮਵਾਰ ‘ਭੋਸਲੇ’ ਅਤੇ ਤਾਮਿਲ ਫਿਲਮ ‘ਅਸੁਰਨ’ ਲਈ ਸਰਬੋਤਮ ਅਦਾਕਾਰ ਦਾ ਐਵਾਰਡ ਦਿੱਤਾ ਗਿਆ। ਅਦਾਕਾਰਾ ਕੰਗਣਾ ਰਣੌਤ ਨੂੰ ਉਸ ਦੀ ਫਿਲਮ ‘ਮਣੀਕਰਨਿਕਾ: ਦਿ ਕੁਈਨ ਆਫ ਝਾਂਸੀ’ ਲਈ ਸਰਬੋਤਮ ਅਦਾਕਾਰਾ ਦਾ ਐਵਾਰਡ ਮਿਲਿਆ। ਦੱਖਣ ਦੇ ਸੁਰਪਸਟਾਰ ਰਜਨੀਕਾਂਤ ਨੂੰ ਫਿਲਮ ਜਗਤ ਵਿੱਚ ਪਾਏ ਗਏ ਯੋਗਦਾਨ ਲਈ ‘ਦਾਦਾ ਸਾਹਿਬ ਫਾਲਕੇ ਐਵਾਰਡ’ ਨਾਲ ਸਨਮਾਨਿਆ ਗਿਆ। ਸੀਨੀਅਰ ਅਦਾਕਾਰ ਨੂੰ ਐਵਾਰਡ ਦਿੱਤੇ ਜਾਣ ਮੌਕੇ ਹਾਲ ਵਿੱਚ ਹਾਜ਼ਰ ਦਰਸ਼ਕਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਸਮਾਗਮ ਵਿੱਚ ਰਜਨੀਕਾਂਤ ਦੀ ਪਤਨੀ ਲਤਾ ਅਤੇ ਧੀ ਸੌਂਦਰਿਆ ਰਜਨੀਕਾਂਤ ਵੀ ਹਾਜ਼ਰ ਸਨ। ਇਹ ਐਵਾਰਡ ਹਾਸਲ ਕਰਨ ਮਗਰੋਂ ਅਦਾਕਾਰ ਨੇ ਕਿਹਾ, ”ਮੈਂ ਇਸ ਸਭ ਨਾਲੋਂ ਕੀਮਤੀ ਐਵਾਰਡ ਹਾਸਲ ਕਰ ਕੇ ਬਹੁਤ ਹੀ ਖੁਸ਼ ਹਾਂ। ਇਸ ਐਵਾਰਡ ਲਈ ਮੈਂ ਕੇਂਦਰ ਸਰਕਾਰ ਦਾ ਧੰਨਵਾਦੀ ਹਾਂ। ਇਹ ਐਵਾਰਡ ਮੈਂ ਆਪਣੇ ਗੁਰੂ ਕੇ. ਬਾਲਾਚੰਦਰਨ ਨੂੰ ਸਮਰਪਿਤ ਕਰਦਾ ਹਾਂ।” ਅਦਾਕਾਰ ਨੇ ਕਿਹਾ, ”ਮੈਂ ਆਪਣੇ ਪਿਤਾ ਸਮਾਨ ਵੱਡੇ ਭਰਾ ਸੱਤਿਆਨਾਰਾਇਣ ਗਾਇਕਵਾੜ ਦਾ ਵੀ ਧੰਨਵਾਦੀ ਹਾਂ, ਜਿਨ੍ਹਾਂ ਮੈਨੂੰ ਪਾਲਿਆ ਪੋਸਿਆ ਤੇ ਜ਼ਿੰਦਗੀ ਦੀਆਂ ਬਹੁਤ ਹੀ ਕੀਮਤੀ ਸਿੱਖਿਆਵਾਂ ਦਿੱਤੀਆਂ।” ਇਸ ਮੌਕੇ ਰਜਨੀਕਾਂਤ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਕਰਨਾਟਕ ਬੱਸ ਅੱਡੇ ‘ਤੇ ਡਰਾਈਵਰ ਦੀ ਨੌਕਰੀ ਕਰਨ ਵਾਲੇ ਆਪਣੇ ਇਸ ਦੋਸਤ ਦਾ ਵੀ ਜ਼ਿਕਰ ਕੀਤਾ। ਰਜਨੀਕਾਂਤ ਨੇ ਕਿਹਾ, ”ਜਦੋਂ ਮੈਂ ਬੱਸ ਕੰਡਕਟਰ ਸੀ ਤਾਂ ਉਸ ਨੇ ਮੇਰੇ ਅੰਦਰਲੇ ਅਦਾਕਾਰ ਨੂੰ ਪਛਾਣਿਆ ਅਤੇ ਮੈਨੂੰ ਫਿਲਮ ਜਗਤ ਵਿੱਚ ਆਉਣ ਲਈ ਪ੍ਰੇਰਿਆ।” ਇਸ ਦੇ ਨਾਲ ਹੀ ਅਦਾਕਾਰ ਨੇ ਆਪਣੇ ਨਿਰਮਾਤਾਵਾਂ, ਨਿਰਦੇਸ਼ਕਾਂ, ਸਹਿ-ਕਲਾਕਾਰਾਂ, ਤਕਨੀਕੀ ਮਾਹਿਰਾਂ, ਡਿਸਟ੍ਰੀਬਿਊਟਰਾਂ, ਮੀਡੀਆ, ਪ੍ਰੈੱਸ ਤੇ ਆਪਣੇ ਪ੍ਰਸ਼ੰਸਕਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਫਿਲਮ ‘ਛਿਛੋਰੇ’ ਦੇ ਨਿਰਦੇਸ਼ਕ ਨਿਤੇਸ਼ ਤਿਵਾੜੀ ਅਤੇ ਨਿਰਮਾਤਾ ਸਾਜਿਦ ਨਾਡੀਆਡਵਾਲਾ ਨੇ ਸਰਬੋਤਮ ਫਿਲਮ ਦਾ ਐਵਾਰਡ 2020 ਵਿੱਚ ਦੁਨੀਆ ਨੂੰ ਅਲਵਿਦਾ ਆਖ ਗਏ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਸਮਰਪਿਤ ਕੀਤਾ। ਇਸ ਤੋਂ ਇਲਾਵਾ ਵਿਜੈ ਸੇਤੂਪਤੀ ਨੂੰ ਫਿਲਮ ‘ਸੁਪਰ ਡੀਲਕਸ’ ਲਈ ਸਰਬੋਤਮ ਸਹਿ ਕਲਾਕਾਰ ਦੇ ਐਵਾਰਡ ਨਾਲ ਸਨਮਾਨਿਆ ਗਿਆ। ਮਲਿਆਲਮ ਫਿਲਮ ‘ਮਰਾਕੱਰ: ਦਿ ਲਾਇਨ ਆਫ ਦਿ ਅਰੇਬੀਅਨ ਸੀਅ’ ਨੂੰ ਸਰਬੋਤਮ ਫੀਚਰ ਫਿਲਮ ਦਾ ਐਵਾਰਡ ਦਿੱਤਾ ਗਿਆ। ਇਹ ਫਿਲਮ ਪ੍ਰਿਯਾਦਰਸ਼ਨ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਇਸ ਵਿੱਚ ਮੋਹਨ ਲਾਲ ਦੀ ਮੁੱਖ ਭੂਮਿਕਾ ਹੈ। ‘ਦਿ ਤਾਸ਼ਕੰਦ ਫਾਈਲਜ਼’ ਨੂੰ ਵੀ ਦੋ ਐਵਾਰਡਾਂ ਨਾਲ ਸਨਮਾਨਿਆ ਗਿਆ, ਜਿਨ੍ਹਾਂ ਵਿੱਚ ਇੱਕ ਸਰਬੋਤਮ ਸਹਿ ਕਲਾਕਾਰ ਦਾ ਐਵਾਰਡ ਪੱਲਵੀ ਜੋਸ਼ੀ ਨੂੰ ਅਤੇ ਸਰਬੋਤਮ ਡਾਇਲਾਗ ਦਾ ਐਵਾਰਡ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਇਹ ਐਵਾਰਡ ਮਹਾਮਾਰੀ ਕਾਰਨ ਮੁਲਤਵੀ ਹੋ ਗਏ ਸਨ।
‘ਰੱਬ ਦਾ ਰੇਡੀਓ’ ਬਿਹਤਰੀਨ ਪੰਜਾਬੀ ਫਿਲਮ
ਤਨਵੀਰ ਸਿੰਘ ਜਗਪਾਲ ਅਤੇ ਹੈਰੀ ਭੱਟੀ ਵਲੋਂ ਨਿਰਦੇਸ਼ਿਤ ਫਿਲਮ ‘ਰੱਬ ਦਾ ਰੇਡੀਓ’ ਨੂੰ ਪੰਜਾਬੀ ਦੀ ਬਿਹਤਰੀਨ ਫਿਲਮ ਦਾ ਐਵਾਰਡ ਦਿੱਤਾ ਗਿਆ। ਪੰਜਾਬ ‘ਚ 2 ਭਰਾਵਾਂ ਦੇ ਆਪਸੀ ਰਿਸ਼ਤਿਆਂ ਦੇ ਤਾਣੇ-ਬਾਣੇ ‘ਤੇ ਬਣੀ ਇਹ ਫਿਲਮ ਹੁਣ ਤੱਕ 10 ਐਵਾਰਡ ਜਿੱਤ ਚੁੱਕੀ ਹੈ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …