ਕਿਰਪਾਨ ਤੇ ਦਸਤਾਰ ਉਤਾਰਨ ਲਈ ਕਿਹਾ
ਗੋਰਖਪੁਰ/ਬਿਊਰੋ ਨਿਊਜ਼
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਮਿਲਣ ਪਹੁੰਚੇ ਇੱਕ ਸਿੱਖ ਨੂੰ ਸੁਰੱਖਿਆ ਕਰਮੀਆਂ ਨੇ ਰੋਕ ਕੇ ਦਸਤਾਰ ਤੇ ਕਿਰਪਾਨ ਉਤਾਰਨ ਲਈ ਕਿਹਾ। ਸਿੱਖ ਨੇ ਜਦੋਂ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਸੁਰੱਖਿਆ ਜਵਾਨਾਂ ਨੇ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਯੋਗੀ ਗੋਰਖ ਨਾਥ ਮੰਦਰ ਗਏ ਸਨ ਜਿੱਥੇ ਉਨ੍ਹਾਂ ਮੰਦਰ ਵਿੱਚ ਪਾਠ-ਪੂਜਾ ਕਰ ਰਹੇ ਲੋਕਾਂ ਦਾ ਹਾਲ-ਚਾਲ ਪੁੱਛਿਆ ਅਤੇ ਬਾਅਦ ਵਿੱਚ ਜਨਤਾ ਦਰਬਾਰ ਲਾਇਆ।ਜਨਤਾ ਦਰਬਾਰ ਦੌਰਾਨ ਧਰਮਸ਼ਾਲਾ ਬਾਜ਼ਾਰ ਦੇ ਰਹਿਣ ਵਾਲੇ ਤੇਜਪਾਲ ਸਿੰਘ ਮੁੱਖ ਮੰਤਰੀ ਨੂੰ ਮਿਲਣ ਪਹੁੰਚੇ, ਪਰ ਸੁਰੱਖਿਆ ਕਰਮੀਆਂ ਨੇ ਤਲਾਸ਼ੀ ਲੈਣ ਹਿੱਤ ਤੇਜਪਾਲ ਸਿੰਘ ਨੂੰ ਰੋਕ ਲਿਆ ਤੇ ਕਿਰਪਾਨ ਉਤਾਰਨ ਨੂੰ ਕਿਹਾ। ਤੇਜਪਾਲ ਸਿੰਘ ਨੇ ਕਿਰਪਾਨ ਉਤਾਰ ਕੇ ਦੇ ਦਿੱਤੀ। ਉਹ ਜਦ ਅੰਦਰ ਜਾਣ ਲੱਗਿਆ ਤਾਂ ਸੁਰੱਖਿਆ ਕਰਮੀਆਂ ਨੇ ਦਸਤਾਰ ਉਤਾਰ ਕੇ ਤਲਾਸ਼ੀ ਕਰਵਾਉਣ ਲਈ ਕਿਹਾ ਪਰ ਤੇਜਪਾਲ ਸਿੰਘ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਮੌਕੇ ‘ਤੇ ਮੌਜੂਦ ਹੋਰ ਲੋਕਾਂ ਨੇ ਵੀ ਤੇਜਪਾਲ ਸਿੰਘ ਦਾ ਪੱਖ ਲਿਆ ਜਿਸ ਤੋਂ ਬਾਅਦ ਤੇਜਪਾਲ ਸਿੰਘ ਨੂੰ ਮੁੱਖ ਮੰਤਰੀ ਨੂੰ ਮਿਲਣ ਦਿੱਤਾ ਗਿਆ। ਯੋਗੀ ਨੂੰ ਮਿਲਣ ‘ਤੇ ਤੇਜਪਾਲ ਸਿੰਘ ਨੇ ਆਪਣੇ ਨਾਲ ਹੋਏ ਦੁਰਵਿਵਹਾਰ ਦਾ ਜ਼ਿਕਰ ਕੀਤਾ। ਇਸ ਤੋਂ ਬਾਅਦ ਮਗਰੋਂ ਮੁੱਖ ਮੰਤਰੀ ਨੇ ਸੁਰੱਖਿਆ ਕਰਮੀਆਂ ਨੂੰ ਸਮਝਾਉਣ ਲਈ ਆਪਣੇ ਨਿੱਜੀ ਸਕੱਤਰ ਨੂੰ ਹਦਾਇਤ ਕੀਤੀ।
Check Also
ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਹਰਿਆਣਾ ਦੀ ਯੂਟਿਊਬਰ ਗਿ੍ਰਫ਼ਤਾਰ
ਜੋਤੀ ਨੇ ਪਾਕਿ ਦੌਰਾਨ ਪਾਕਿਸਤਾਨੀ ਨਾਗਰਿਕਾਂ ਤੇ ਖੁਫੀਆ ਏਜੰਸੀਆਂ ਨਾਲ ਬਣਾਇਆ ਸੀ ਸੰਪਰਕ ਹਿਸਾਰ/ਬਿਊਰੋ ਨਿਊਜ਼ …