Breaking News
Home / ਪੰਜਾਬ / ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਨੇ ਮੋਤੀ ਮਹਿਲ ਦਾ ਕੀਤਾ ਘਿਰਾਓ

ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਨੇ ਮੋਤੀ ਮਹਿਲ ਦਾ ਕੀਤਾ ਘਿਰਾਓ

ਚੰਦੂਮਾਜਰਾ ਨੇ ਵਧੀਆਂ ਕੀਮਤਾਂ ਲਈ ਕੈਪਟਨ ਅਤੇ ਮੋਦੀ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ
ਪਟਿਆਲਾ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਨੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਪਰਮਜੀਤ ਸਿੰਘ ਫਾਜ਼ਿਲਕਾ ਦੀ ਅਗਵਾਈ ਹੇਠ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ‘ਨਿਊ ਮੋਤੀ ਬਾਗ ਪੈਲੇਸ’ ਦਾ ਘਿਰਾਓ ਕਰਕੇ ਮੁੱਖ ਮੰਤਰੀ ਦੇ ਨਾਂ ਟਰੱਕਾਂ, ਬੱਸਾਂ ਅਤੇ ਹੋਰ ਵਾਹਨਾਂ ਦੀਆਂ ਚਾਬੀਆਂ ਤੇ ਮੰਗ ਪੱਤਰ ਐੱਸਡੀਐੱਮ ਨੂੰ ਸੌਂਪਿਆ।
ਘਿਰਾਓ ਤੋਂ ਪਹਿਲਾਂ ਮੁੱਖ ਮੰਤਰੀ ਦੇ ਸ਼ਹਿਰ ਵਿਚ ਟਰੱਕਾਂ ‘ਤੇ ਕਈ ਕਿਲੋਮੀਟਰ ਰੋਸ ਮਾਰਚ ਕੱਢਿਆ ਗਿਆ, ਜੋ ਵਾਈਪੀਐੱਸ ਚੌਕ ਵਿੱਚ ਸਮਾਪਤ ਹੋਇਆ। ਇੱਥੇ ਟਰੱਕ ‘ਤੇ ਬਣਾਈ ਸਟੇਜ ਤੋਂ ਸੰਬੋਧਨ ਕਰਦਿਆਂ ਚੰਦੂਮਾਜਰਾ ਨੇ ਕਿਹਾ ਕਿ ਤੇਲ ਦੀਆਂ ਵਧੀਆਂ ਕੀਮਤਾਂ ਲਈ ਸਿੱਧੇ ਤੌਰ ‘ਤੇ ਕੈਪਟਨ ਅਤੇ ਕੇਂਦਰ ਦੀ ਮੋਦੀ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਪਹਿਲਾਂ ਟਰੱਕ ਯੂਨੀਅਨਾਂ ਤੋੜ ਕੇ ਟਰਾਂਸਪੋਰਟ ਸੈਕਟਰ ਨੂੰ ਖ਼ਤਮ ਕੀਤਾ, ਫੇਰ ਮੰਡੀਆਂ ਵਿਚ ਢੋਆ-ਢੋਆਈ ਦੇ ਰੇਟ ਘਟਾ ਦਿੱਤੇ ਅਤੇ ਹੁਣ ਤੇਲ ਦੀਆਂ ਕੀਮਤਾਂ ਵਧਾ ਦਿੱਤੀਆਂ। ਹਾਲਾਤ ਇਹ ਕਰ ਦਿੱਤੇ ਕਿ ਪੰਜਾਬ ਵਿਚ 40 ਹਜ਼ਾਰ ਟਰੱਕ ਅਤੇ 65 ਹਜ਼ਾਰ ਟੈਕਸੀਆਂ ਕਬਾੜ ਦੇ ਭਾਅ ਵੇਚਣੇ ਪਏ। ਟਰਾਂਸਪੋਰਟ ਵਿੰਗ ਦੇ ਪ੍ਰਧਾਨ ਪਰਮਜੀਤ ਸਿੰਘ ਫਾਜ਼ਿਲਕਾ ਨੇ ਕਿਹਾ ਕਿ ਟਰਾਂਸਪੋਰਟ ਨੀਤੀਆਂ ਤੋਂ ਤੰਗ ਆ ਕੇ ਉਨ੍ਹਾਂ ਫ਼ੈਸਲਾ ਕੀਤਾ ਕਿ ਵਾਹਨਾਂ ਦੀਆਂ ਚਾਬੀਆਂ ਵੀ ਮੁੱਖ ਮੰਤਰੀ ਨੂੰ ਹੀ ਫੜਾ ਦਿੱਤੀਆਂ ਜਾਣ। ਰੋਸ ਪ੍ਰੋਰਗਾਮ ਨੂੰ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਗਜੀਤ ਸਿੰਘ ਕੋਹਲੀ, ਟਰਾਂਸਪੋਰਟਰ ਭੋਲਾ ਸਿੰਘ ਚੱਢਾ ਤੇ ਜਸਵਿੰਦਰਪਾਲ ਸਿੰਘ ਚੱਢਾ ਨੇ ਵੀ ਸੰਬੋਧਨ ਕੀਤਾ। ਇਸ ਮਗਰੋਂ ਮੁੱਖ ਮੰਤਰੀ ਦੇ ਨਾਂ ਐੱਸਡੀਐੱਮ ਪਟਿਆਲਾ ਨੂੰ ਮੰਗ ਪੱਤਰ ਦੇਣ ਮਗਰੋਂ ਪ੍ਰਦਸ਼ਰਨਕਾਰੀ ਵਾਪਸ ਪਰਤ ਗਏ।

 

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …