Breaking News
Home / ਪੰਜਾਬ / ਬੇਅਦਬੀਆਂ ਦੇ ਕੇਸ ‘ਚੋਂ ਹੁਣ ਸਰਕਾਰ ਨੇ ਡੇਰਾ ਮੁਖੀ ਨੂੰ ਵੀ ਦੋਸ਼ੀਆਂ ਦੀ ਸੂਚੀ ‘ਚੋਂ ਕੱਢਿਆ

ਬੇਅਦਬੀਆਂ ਦੇ ਕੇਸ ‘ਚੋਂ ਹੁਣ ਸਰਕਾਰ ਨੇ ਡੇਰਾ ਮੁਖੀ ਨੂੰ ਵੀ ਦੋਸ਼ੀਆਂ ਦੀ ਸੂਚੀ ‘ਚੋਂ ਕੱਢਿਆ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਜੋ ਬੇਅਦਬੀਆਂ ਦੇ ਕੇਸਾਂ ‘ਚ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿਵਾ ਸਕਣ ਕਾਰਨ ਕਾਂਗਰਸ ਵਿਧਾਇਕਾਂ ਅਤੇ ਦੂਜੇ ਪਾਰਟੀ ਕਾਰਕੁਨਾਂ ਦੇ ਰੋਹ ਦਾ ਸਾਹਮਣਾ ਕਰ ਰਹੀ ਹੈ, ਵਲੋਂ ਬਰਗਾੜੀ-ਬੁਰਜ ਜਵਾਹਰ ਸਿੰਘ ਵਾਲਾ ਮਾਮਲੇ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧ ਤਿੰਨ ਪੁਲਿਸ ਕੇਸਾਂ ‘ਚੋਂ ਹੁਣ 9 ਜੁਲਾਈ ਨੂੰ ਐਫ਼.ਆਈ.ਆਰ ਨੰ. 128 (ਮਿਤੀ 12 ਅਕਤੂਬਰ 2015) ਜਿਸ ਦਾ ਸਬੰਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਗਾੜੀ ਵਿਖੇ ਅੰਗ ਖਿੰਡਾਉਣ ਨਾਲ ਹੈ, ਸਬੰਧੀ ਫ਼ਰੀਦਕੋਟ ਦੀ ਅਦਾਲਤ ‘ਚ ਜੋ ਚਲਾਨ ਪੇਸ਼ ਕੀਤਾ ਗਿਆ ਹੈ, ਉਸ ‘ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀਆਂ ਦੀ ਸੂਚੀ ‘ਚੋਂ ਕੱਢ ਦਿੱਤਾ ਗਿਆ ਹੈ।
ਉਕਤ ਤਿੰਨਾਂ ਕੇਸਾਂ ‘ਚੋਂ ਬੁਰਜ ਜਵਾਹਰ ਸਿੰਘ ਵਾਲਾ ਤੋਂ ਜੂਨ 2015 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੋਰੀ ਕਰਨ ਸਬੰਧੀ ਐਫ਼.ਆਈ.ਆਰ ਨੰ.63 ਸਬੰਧੀ ਚਲਾਨ 4 ਜੁਲਾਈ 2020 ਨੂੰ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਫ਼ਰੀਦਕੋਟ ਅਦਾਲਤ ‘ਚ ਦਾਇਰ ਕੀਤਾ ਸੀ, ਜਿਸ ਦੇ ਖਾਨਾ ਨੰ. 2 ‘ਚ ਉਨ੍ਹਾਂ 5 ਦੋਸ਼ੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ, ਜਿਨ੍ਹਾਂ ‘ਚੋਂ ਮਹਿੰਦਰਪਾਲ ਬਿੱਟੂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਬਾਕੀ ਹੈ ਅਤੇ ਚਲਾਨ ‘ਚ ਦਰਸਾਏ ਦੋਸ਼ੀ ਨੰ. 2 ਗੁਰਮੀਤ ਰਾਮ ਰਹੀਮ ਇਸ ਵੇਲੇ ਜੇਲ੍ਹ ‘ਚ ਹੈ। ਚਲਾਨ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਸਾਰਿਆਂ ਦੇ ਗ੍ਰਿਫ਼ਤਾਰੀ ਵਾਰੰਟ ਲਏ ਜਾਣੇ ਹਨ। ਚਲਾਨ ‘ਚ ਸਫ਼ਾ ਨੰ.7 ‘ਤੇ ਦੱਸਿਆ ਗਿਆ ਹੈ ਕਿ ਮਹਿੰਦਰਪਾਲ ਬਿੱਟੂ ਅਨੁਸਾਰ ਉਕਤ ਜੁਰਮ ‘ਪਿਤਾ ਜੀ’ ਅਨੁਸਾਰ ਕੀਤਾ ਗਿਆ। ਚਲਾਨ ‘ਚ ਕਿਹਾ ਗਿਆ ਕਿ ਗਵਾਹਾਂ ਦੇ ਬਿਆਨ, ਪੁੱਛਗਿੱਛ ਅਤੇ ਰਿਕਾਰਡ ‘ਤੇ ਆਏ ਸਬੂਤਾਂ ਅਨੁਸਾਰ ਗੁਰਮੀਤ ਸਿੰਘ ਉਰਫ਼ ਡਾ.ਗੁਰਮੀਤ ਰਾਮ ਰਹੀਮ ਪੁੱਤਰ ਮੱਘਰ ਸਿੰਘ ਰਹਿਣ ਵਾਲਾ ਗੁਰੂਸਰ ਮੋਰੀਆਂ, ਜ਼ਿਲ੍ਹਾ ਹਨੂਮਾਨਗੜ੍ਹ (ਰਾਜਸਥਾਨ) ਜੋ ਸਿਰਸਾ ਡੇਰਾ ਦਾ ਸਾਬਕਾ ਮੁਖੀ ਅਤੇ ਹੁਣ ਸੁਨਾਰੀਆ ਜੇਲ੍ਹ ਰੋਹਤਕ ਨਜ਼ਰਬੰਦ ਹੈ, ਨੂੰ ਕੇਸ ‘ਚ ਦੋਸ਼ੀ ਡੀ.ਡੀ.ਆਰ ਨੰ. 6 ਜੁਲਾਈ 2020 ਅਨੁਸਾਰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਰਾਜਨ ਗੁਪਤਾ ਨੇ ਵੀ 25 ਜਨਵਰੀ 2019 ਨੂੰ ਦਿੱਤੇ ਆਪਣੇ ਇਕ ਫ਼ੈਸਲੇ ‘ਚ ਸਪਸ਼ਟ ਕੀਤਾ ਸੀ ਕਿ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣ, ਉਸ ਤੋਂ ਬਾਅਦ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਪੋਸਟਰ ਲਗਾਉਣ ਅਤੇ ਬਾਅਦ ‘ਚ ਅੰਗ ਖਿੰਡਾਉਣ ਵਾਲੀਆਂ ਤਿੰਨੇ ਘਟਨਾਵਾਂ ਆਪਸ ‘ਚ ਜੁੜੀਆਂ ਹੋਈਆਂ ਹਨ। ਜਦੋਂਕਿ ਇਨ੍ਹਾਂ ‘ਚ ਤਿੰਨਾਂ ਘਟਨਾਵਾਂ ਸਬੰਧੀ ਵੱਖ-ਵੱਖ ਕੇਸ ਦਰਜ ਕੀਤੇ ਗਏ ਸਨ ਪਰ ਦਿਲਚਸਪ ਗੱਲ ਇਹ ਹੈ ਕਿ ਪਹਿਲੇ ਕੇਸ ਦੇ ਚਲਾਨ ‘ਚ ਡੇਰਾ ਮੁਖੀ ਦੋਸ਼ੀ ਹੈ, ਦੂਜੇ ‘ਚ ਹਾਈਕੋਰਟ ਚਲਾਨ ਪੇਸ਼ ਕਰਨ ‘ਤੇ ਰੋਕ ਲਗਾ ਦਿੱਤੀ ਹੈ ਅਤੇ ਤੀਜੇ ਕੇਸ ‘ਚ ਹੁਣ 9 ਜੁਲਾਈ ਨੂੰ ਐਸ.ਪੀ.ਐਸ. ਪਰਮਾਰ ਦੀ ਅਗਵਾਈ ‘ਚ ਬਣੀ ਨਵੀਂ ਸਿੱਟ ਨੇ ਡੇਰਾ ਮੁਖੀ ਨੂੰ ਦੋਸ਼ੀ ਹੀ ਨਹੀਂ ਰੱਖਿਆ। ਹਾਲਾਂਕਿ ਸਰਕਾਰੀ ਪੱਧਰ ‘ਤੇ ਇਸ ਦਾ ਕੋਈ ਸਪਸ਼ਟੀਕਰਨ ਵੀ ਨਹੀਂ ਦਿੱਤਾ ਗਿਆ।
ਪਤਾ ਲੱਗਾ ਹੈ ਕਿ ਦੂਜੇ ਤਿੰਨ ਭਗੌੜੇ ਦੱਸੇ ਜਾਂਦੇ ਕਥਿਤ ਦੋਸ਼ੀਆਂ ਜੋ ਡੇਰੇ ਦੀ ਮੁੱਖ ਛੇ ਮੈਂਬਰੀ ਕਮੇਟੀ ਦੇ ਮੈਂਬਰ ਵੀ ਹਨ ਨੂੰ ਮਗਰਲੀ ਅਕਾਲੀ-ਭਾਜਪਾ ਤੇ ਫਿਰ ਕੈਪਟਨ ਸਰਕਾਰ ਤੋਂ ਸੁਰੱਖਿਆ ਵੀ ਮਿਲੀ ਰਹੀ ਅਤੇ ਕੁਝ ਸਮਾਂ ਪਹਿਲਾਂ ਉਨ੍ਹਾਂ ਦੀਆਂ ਤਸਵੀਰਾਂ ਮੁੱਖ ਮੰਤਰੀ ਹਰਿਆਣਾ ਅਤੇ ਹਰਿਆਣਾ ਦੇ ਇਕ ਮੰਤਰੀ ਨਾਲ ਤਸਵੀਰਾਂ ਵੀ ਸਾਹਮਣੇ ਆਈਆਂ। ਸੂਚਨਾ ਅਨੁਸਾਰ ਡੇਰਾ ਮੁਖੀ ਦਾ ਨਾਂਅ ਕੱਢਣ ਲਈ ਪੁਲਿਸ ਪ੍ਰਸ਼ਾਸਨ ‘ਤੇ ਲਗਾਤਾਰ ਕਾਫ਼ੀ ਦਬਾ ਸੀ ਪੁਰ ਹੁਣ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਢੰਗ ਨਾਲ ਇਕ ਕੇਸ ‘ਚ ਡੇਰਾ ਮੁਖੀ ਦੋਸ਼ੀ ਅਤੇ ਦੂਜੇ ‘ਚ ਦੋਸ਼ੀ ਨਹੀਂ ਦਰਸਾਇਆ ਗਿਆ, ਉਸ ਨਾਲ ਬੇਅਦਬੀਆਂ ਸਬੰਧੀ ਸਮੁੱਚਾ ਕੇਸ ਹੀ ਖ਼ਰਾਬ ਹੋ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਕ ਪਾਸੇ ਡੇਰਾ ਮੁਖੀ ਨੂੰ ਬੇਅਦਬੀ ਘਟਨਾਵਾਂ ਪਿੱਛੇ ਮੁੱਖ ਦਿਮਾਗ ਜਾਂ ਸਾਜਿਸ਼ਕਰਤਾ ਦੱਸਿਆ ਜਾ ਰਿਹਾ ਹੈ ਪਰ ਉਸ ਨੂੰ ਹੁਣ ਤੱਕ ਨਾ ਸ਼ਾਮਿਲ ਤਫ਼ਤੀਸ਼ ਕੀਤਾ ਗਿਆ ਹੈ, ਨਾ ਉਸ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਇੱਕੋ ਕੜ੍ਹੀ ਦੀਆਂ ਤਿੰਨ ਘਟਨਾਵਾਂ ਦੇ ਕੇਸਾਂ ‘ਚ ਦੋਸ਼ੀ ਨਾਮਜ਼ਦ ਕਰਨ ਲਈ ਵੀ ਵੱਖ-ਵੱਖ ਮਾਪਦੰਡ ਅਪਣਾਏ ਜਾ ਰਹੇ ਹਨ, ਜਿਸ ਦਾ ਫ਼ਾਇਦਾ ਦੂਜੇ ਕਥਿਤ ਦੋਸ਼ੀ ਵੀ ਲੈ ਸਕਦੇ ਹਨ ਅਤੇ ਅਜਿਹਾ ਭੰਬਲਭੂਸਾ ਸਮੁੱਚਾ ਕੇਸ ਹੀ ਖ਼ਰਾਬ ਕਰ ਸਕਦਾ ਹੈ। ਬਰਗਾੜੀ ਮੋਰਚੇ ਨੂੰ ਖ਼ਤਮ ਕਰਨ ਮੌਕੇ ਦੋ ਵਜ਼ੀਰਾਂ ਅਤੇ ਇਕ ਕਾਂਗਰਸ ਵਿਧਾਇਕ ਵਲੋਂ ਦਿੱਤੇ ਭਰੋਸੇ ਤੇ ਵਾਅਦੇ ਕਿੱਥੇ ਗਏ, ਇਹ ਸਭ ਲਈ ਸੋਚਣ ਵਾਲਾ ਮੁੱਦਾ ਹੈ।

ਸਿੱਧੂ ਨੇ ਬੇਅਦਬੀ ਮਾਮਲੇ ‘ਤੇ ਮੁੜ ਬਾਦਲਾਂ ‘ਤੇ ਸਾਧਿਆ ਨਿਸ਼ਾਨਾ
ਕਿਹਾ – ਅਕਾਲੀ ਸਰਕਾਰ ਨੇ ਮਾਮਲੇ ਦੀ ਉਚਿਤ ਜਾਂਚ ਕਿਉਂ ਨਹੀਂ ਕੀਤੀ
ਚੰਡੀਗੜ੍ਹ : ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲੇ ਵਿਚ ਮੁੜ ਬਾਦਲਾਂ ਨੂੰ ਘੇਰਦਿਆਂ ਤਿੱਖੇ ਸਵਾਲ ਕੀਤੇ। ਸਿੱਧੂ ਨੇ ਟਵੀਟ ਕਰਦਿਆਂ ਬਾਦਲਾਂ ਨੂੰ ਆਖਿਆ ਕਿ ਪੰਜਾਬ ਦੇ ਲੋਕ ਸਵਾਲ ਕਰ ਰਹੇ ਹਨ ਕਿ ਪਹਿਲੀ ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਦੇ ਮਾਮਲੇ ਵਿਚ ਉਸ ਵੇਲੇ ਦੀ ਅਕਾਲੀ ਸਰਕਾਰ ਨੇ ਉਚਿਤ ਜਾਂਚ ਕਿਉਂ ਨਹੀਂ ਕੀਤੀ। ਇਸ ਘਟਨਾ ਤੋਂ ਬਾਅਦ ਅਕਤੂਬਰ 2015 ਵਿਚ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਗੋਲੀ ਵੀ ਚਲਾਈ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਉਸ ਵੇਲੇ ਦੋ ਭਰਾਵਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਸੀ। ਇਨ੍ਹਾਂ ਨੂੰ ਝੂਠੇ ਕੇਸ ਵਿਚ ਫਸਾਉਣ ਵਾਲੇ ਅਧਿਕਾਰੀਆਂ ਨੂੰ ਉਸ ਵੇਲੇ ਦੀ ਸਰਕਾਰ ਨੇ ਕੁਝ ਨਹੀਂ ਕਿਹਾ। ਇਕ ਹੋਰ ਟਵੀਟ ਰਾਹੀਂ ਉਨ੍ਹਾਂ ਕਿਹਾ ਕਿ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਅਤੇ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਵੱਲੋਂ ਡੇਰਾ ਪ੍ਰੇਮੀਆਂ ਨੂੰ ਸ਼ੱਕ ਦੇ ਘੇਰੇ ‘ਚ ਲਿਆਂਦਾ ਗਿਆ ਸੀ। ਦੋ ਜਾਂਚ ਏਜੰਸੀਆਂ ਦੀ ਰਿਪੋਰਟ ਦੇ ਬਾਵਜੂਦ ਅਕਾਲੀ ਸਰਕਾਰ ਨੇ ਇਸ ਸਬੰਧੀ ਕੁਝ ਨਹੀਂ ਕੀਤਾ।
ਇਸੇ ਤਰ੍ਹਾਂ ਐੱਸਐੱਸਪੀ ਚਰਨਜੀਤ ਸ਼ਰਮਾ ਦੇ ਵਾਹਨ ਨੂੰ ਪੰਕਜ ਬਾਂਸਲ ਦੀ ਵਰਕਸ਼ਾਪ ਵਿਚ ਲਿਜਾਇਆ ਗਿਆ ਅਤੇ ਉਥੇ ਉਸ ‘ਤੇ ਗੋਲੀਆਂ ਦੇ ਨਿਸ਼ਾਨ ਦਿਖਾਏ ਗਏ। ਇਹ ਸਭ ਕੁਝ ਇਹ ਦਿਖਾਉਣ ਲਈ ਕੀਤਾ ਗਿਆ ਕਿ ਪੁਲਿਸ ਵੱਲੋਂ ਸਵੈ-ਰੱਖਿਆ ਲਈ ਗੋਲੀ ਚਲਾਈ ਗਈ ਸੀ। ਉਨ੍ਹਾਂ ਪੁੱਛਿਆ ਕਿ ਇਸ ਸਬੰਧੀ ਆਦੇਸ਼ ਕਿਸ ਵੱਲੋਂ ਦਿੱਤੇ ਗਏ ਸਨ।

 

Check Also

ਸੁਨੀਲ ਜਾਖੜ ਨੇ ਭਾਜਪਾ ਦੇ ਸੰਕਲਪ ਪੱਤਰ ਨੂੰ ਦੱਸਿਆ ‘ਪਰਸਨਲ ਗਰੰਟੀ’

ਕਿਹਾ : ਮੋਦੀ ਜੀ ਜੋ ਕਹਿੰਦੇ ਹਨ ਉਹ ਪੂਰਾ ਵੀ ਕਰਦੇ ਹਨ ਚੰਡੀਗੜ੍ਹ/ਬਿਊਰੋ ਨਿਊਜ਼ ਲੋਕ …