ਹੁਸ਼ਿਆਰਪੁਰ/ਬਿਊਰੋ ਨਿਊਜ਼ : ਉੱਘੇ ਸਮਾਜਵਾਦੀ ਨੇਤਾ, ਸਿੱਖਿਆ ਸ਼ਾਸਤਰੀ, ਸੋਸ਼ਲਿਸਟ ਪਾਰਟੀ (ਇੰਡੀਆ) ਦੇ ਕੌਮੀ ਵਾਈਸ ਚੇਅਰਮੈਨ ਤੇ ਮਾਲਟਾ ਕਿਸ਼ਤੀ ਕਾਂਡ ਮਿਸ਼ਨ ਦੇ ਚੇਅਰਮੈਨ ਬਲਵੰਤ ਸਿੰਘ ਖੇੜਾ (90) ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਹ ਡੀਐੱਮਸੀ ਲੁਧਿਆਣਾ ‘ਚ ਜ਼ੇਰੇ ਇਲਾਜ ਸਨ। ਬਲਵੰਤ ਸਿੰਘ ਖੇੜਾ ਸਾਰੀ ਉਮਰ ਸਮਾਜਿਕ ਸਰੋਕਾਰਾਂ ਨਾਲ ਜੁੜੇ ਰਹੇ। ਮਾਲਟਾ ਕਾਂਡ ਜਿਸ ਵਿੱਚ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾ ਰਹੇ ਸੈਂਕੜੇ ਭਾਰਤੀ ਡੁੱਬ ਗਏ ਸਨ, ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਦੇ ਯਤਨਾਂ ਸਦਕਾ ਏਜੰਟਾਂ ‘ਤੇ ਕੇਸ ਦਰਜ ਹੋਏ ਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ। ਇਸ ਕੇਸ ਦੀ ਪੈਰਵੀ ਦੌਰਾਨ ਉਨ੍ਹਾਂ ਨੂੰ ਮਾਲਟਾ ਤੇ ਗਰੀਸ ਦਾ ਦੌਰਾ ਵੀ ਕਰਨਾ ਪਿਆ। ਖੇੜਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਕਰਵਾਉਣ ਲਈ ਵੀ ਅਦਾਲਤੀ ਲੜਾਈ ਲੜੀ ਤੇ ਸਬੂਤ ਪੇਸ਼ ਕੀਤੇ ਕਿ ਅਕਾਲੀ ਦਲ ਨੇ ਸਿਆਸੀ ਪਾਰਟੀ ਵਜੋਂ ਮਾਨਤਾ ਲੈਣ ਲਈ ਭਾਰਤੀ ਚੋਣ ਕਮਿਸ਼ਨ ਨੂੰ ਗਲਤ ਦਸਤਾਵੇਜ਼ ਦਿੱਤੇ ਜਦਕਿ ਉਹ ਗੁਰਦੁਆਰਾ ਕਮਿਸ਼ਨ ਤੋਂ ਇਕ ਵੱਖਰੇ ਸੰਵਿਧਾਨ ਦੀ ਮਾਨਤਾ ਪ੍ਰਾਪਤ ਪਾਰਟੀ ਸੀ। ਉਨ੍ਹਾਂ ਦਿੱਲੀ ਹਾਈ ਕੋਰਟ ਤੇ ਹੁਸ਼ਿਆਰਪੁਰ ਦੀ ਅਦਾਲਤ ‘ਚ ਅਕਾਲੀ ਦਲ ਖਿਲਾਫ ਕੇਸ ਦਰਜ ਕੀਤੇ ਹੋਏ ਸਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਕਰਨਾਟਕ ਦੀਆਂ ਚੋਣਾਂ ਦੌਰਾਨ ਫਿਰਕੂ ਨਾਅਰੇ ਦੇਣ ਲਈ ਕੇਸ ਦਰਜ ਕਰਨ ਲਈ ਅਰਜ਼ੀਆਂ ਦਿੱਤੀਆਂ ਸਨ।