ਪ੍ਰਤਾਪ ਬਾਜਵਾ ਅਤੇ ਰਾਜਾ ਵੜਿੰਗ ਨੇ ਕੀਤਾ ਸਵਾਗਤ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਕਈ ਕਾਂਗਰਸੀ ਆਗੂਆਂ ਦੇ ਭਾਜਪਾ ਨੂੰ ਅਲਵਿਦਾ ਕਹਿ ਕੇ ਘਰ ਵਾਪਸੀ ਕਰਨ ਤੋਂ ਬਾਅਦ ਫੇਰ ਪੰਜਾਬ ਭਾਜਪਾ ਨੂੰ ਝਟਕਾ ਲੱਗਿਆ ਹੈ। ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਭਾਜਪਾ ਨੂੰ ਅਲਵਿਦਾ ਕਹਿ ਕੇ ਆਪਣੀ ਧੀ ਜੀਵਨ ਜੋਤ ਕੌਰ ਸਣੇ ਕਾਂਗਰਸ ਵਿੱਚ ਘਰ ਵਾਪਸੀ ਕਰ ਲਈ ਹੈ। ਭੱਟੀ ਦਾ ਚੰਡੀਗੜ੍ਹ ਵਿਖੇ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਵਾਗਤ ਕੀਤਾ। ਇਸ ਮੌਕੇ ਪਰਮਜੀਤ ਸਿੰਘ ਪੰਮਾ ਐਮ.ਸੀ ਮਜੀਠਾ ਹਲਕਾ ਤੇ ਅਟਾਰੀ ਹਲਕੇ ਤੋਂ ‘ਆਪ’ ਦੇ ਸਾਬਕਾ ਕੋਆਰਡੀਨੇਟਰ ਅਤੇ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਵੀਰ ਬਰਾੜ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ ਦੀ ਸਮਰੱਥਾ ਅਤੇ ਦ੍ਰਿੜਤਾ ਰੱਖਣ ਵਾਲੇ ਸਾਰੇ ਲੋਕਾਂ ਦਾ ਨਿੱਘਾ ਸਵਾਗਤ ਹੈ।