14.5 C
Toronto
Wednesday, September 17, 2025
spot_img
Homeਭਾਰਤਹਿਮਾਚਲ ਤੇ ਕਸ਼ਮੀਰ 'ਚ ਫਟੇ ਬੱਦਲ

ਹਿਮਾਚਲ ਤੇ ਕਸ਼ਮੀਰ ‘ਚ ਫਟੇ ਬੱਦਲ

ਯੂਪੀ ਤੇ ਰਾਜਸਥਾਨ ਵਿਚ ਅਸਮਾਨੀ ਬਿਜਲੀ ਨੇ ਕੀਤਾ ਭਾਰੀ ਨੁਕਸਾਨ
ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਵਿਚ ਪੈਂਦੇ ਧਰਮਸ਼ਾਲਾ ਦੇ ਭਾਗਸੂ ਨਾਗ ਖੇਤਰ ਵਿਚ ਪਿਛਲੇ ਦਿਨੀਂ ਅਚਾਨਕ ਬੱਦਲ ਫਟ ਗਿਆ ਅਤੇ ਇਸ ਨਾਲ ਆਏ ਹੜ੍ਹ ਕਾਰਨ ਕਈ ਮਕਾਨ ਅਤੇ ਵਾਹਨ ਨੁਕਸਾਨੇ ਗਏ। ਭਾਗਸੂ ਨਾਗ ਖੇਤਰ ਵਿਚ ਲਗਾਤਾਰ ਮੀਂਹ ਪੈਣ ਕਾਰਨ ਛੋਟੇ ਨਾਲੇ ਪਾਣੀ ਨਾਲ ਭਰ ਗਏ। ਇਸਦਾ ਕਾਰਨ ਇਸ ਖੇਤਰ ਵਿਚ ਲੋਕਾਂ ਵਲੋਂ ਨਾਲਿਆਂ ਕੰਢੇ ਕੀਤੇ ਨਾਜਾਇਜ਼ ਕਬਜ਼ੇ ਹਨ ਜਿਸ ਕਾਰਨ ਪਾਣੀ ਦਾ ਵਹਾਅ ਬਾਹਰ ਮਕਾਨਾਂ ਵੱਲ ਨੂੰ ਹੋ ਤੁਰਿਆ।
ਮੀਂਹ ਕਾਰਨ ਇਥੋਂ ਦੇ ਧੌਲਾਧਾਰ ਪਹਾੜੀਆਂ ਤੋਂ ਆ ਰਹੇ ਝਰਨਿਆਂ ਵਿਚ ਅਚਾਨਕ ਪਾਣੀ ਜ਼ਿਆਦਾ ਆ ਗਿਆ ਜਿਸ ਕਾਰਨ ਨਹਿਰਾਂ ਤੇ ਨਾਲੇ ਪਾਣੀ ਨਾਲ ਭਰ ਗਏ। ਇਸੇ ਦੌਰਾਨ ਸੈਂਟਰਲ ਕਸ਼ਮੀਰ ਦੇ ਗਾਂਦਰਬਲ ਵਿਚ ਲੰਘੀ ਦੇਰ ਰਾਤ ਬੱਦਲ ਫੱਟਣ ਨਾਲ ਹਾਲਾਤ ਹੜ੍ਹ ਵਰਗੇ ਬਣ ਗਏ। ਘਰਾਂ ਵਿਚ ਪਾਣੀ ਦਾਖਲ ਹੋ ਗਿਆ ਅਤੇ ਕਈ ਦੁਕਾਨਾਂ ਵੀ ਢਹਿ ਗਈਆਂ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਰਾਤ ਵੇਲੇ ਤੋਂ ਹੀ ਰਾਹਤ ਅਤੇ ਬਚਾਅ ਕਾਰਜਾਂ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਾਲਾਤ ਫਿਲਹਾਲ ਕਾਬੂ ਹੇਠ ਹਨ। ਉਧਰ ਦੂਜੇ ਪਾਸੇ ਉਤਰ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਵੱਖ-ਵੱਖ ਥਾਵਾਂ ‘ਤੇ ਅਸਮਾਨੀ ਬਿਜਲੀ ਡਿੱਗੀ, ਜਿਸ ਕਾਰਨ ਯੂਪੀ ਅਤੇ ਰਾਜਸਥਾਨ ਵਿਚ ਸੌ ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਗਈ। ਯੂਪੀ ਦੇ ਮੁੱਖ ਮੰਤਰੀ ਯੋਗੀ ਅੱਤਿਆਨਾਥ ਨੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਵੀ ਗੱਲ ਕਹੀ ਹੈ।
ਇਸੇ ਦੌਰਾਨ ਇਹ ਵੀ ਪਤਾ ਲੱਗ ਰਿਹਾ ਹੈ ਕਿ ਜੈਪੁਰ ਦੇ ਆਮੇਰ ਮਹੱਲ ਦੇ ਵਾਚ ਟਾਵਰ ‘ਤੇ ਮੀਂਹ ਦੌਰਾਨ ਕਈ ਜਣੇ ਸੈਲਫੀ ਲੈ ਰਹੇ ਸਨ, ਜਿਸ ਦੌਰਾਨ ਬਿਜਲੀ ਡਿੱਗੀ ਤੇ ਇਸਦੀ ਲਪੇਟ ਵਿਚ 35 ਵਿਅਕਤੀ ਆ ਗਏ।

 

RELATED ARTICLES
POPULAR POSTS