1.6 C
Toronto
Thursday, April 2, 2026
spot_img
Homeਪੰਜਾਬਕਿਸਾਨ ਧਰਨਿਆਂ 'ਚ ਬੀਬੀਆਂ ਦੀ ਸ਼ਮੂਲੀਅਤ ਨੇ ਵਧਾਈ ਮਜ਼ਬੂਤੀ

ਕਿਸਾਨ ਧਰਨਿਆਂ ‘ਚ ਬੀਬੀਆਂ ਦੀ ਸ਼ਮੂਲੀਅਤ ਨੇ ਵਧਾਈ ਮਜ਼ਬੂਤੀ

ਪੰਜਾਬ ‘ਚ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਲਗਾਤਾਰ ਜਾਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਲਗਾਤਾਰ ਜਾਰੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨ ਬੀਬੀਆਂ ਦੀ ਵੱਡੀ ਗਿਣਤੀ ਵਿੱਚ ਹੋ ਰਹੀ ਲਗਾਤਾਰ ਸ਼ਮੂਲੀਅਤ ਨੇ ਧਰਨਿਆਂ ਨੂੰ ਮਜ਼ਬੂਤੀ ਦਿੱਤੀ ਹੈ।
ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਜਪਾ ਨਾਲ ਸਬੰਧਤ ਆਗੂਆਂ ਦੇ ਘਰਾਂ ਅੱਗੇ, ਟੌਲ ਪਲਾਜ਼ਿਆਂ ‘ਤੇ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ, ਖੁਸ਼ਕ ਬੰਦਰਗਾਹ-ਰਾਏਪੁਰ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਸਮੇਤ ਸਵਾ ਸੌ ਤੋਂ ਵੱਧ ਥਾਵਾਂ ‘ਤੇ ਧਰਨੇ ਚੱਲ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਈਆਂ ਜਾ ਰਹੀਆਂ ਪਾਬੰਦੀਆਂ ਦਾ ਡਟਵਾਂ ਵਿਰੋਧ ਕਰਨ ਲਈ ਲੰਮੇ ਸੰਘਰਸ਼ ਦੀ ਲੋੜ ਹੈ।
ਆਗੂਆਂ ਨੇ ਕਿਹਾ ਕਿ ਧਰਨਿਆਂ ਵਿੱਚ ਬੀਬੀਆਂ ਦੇ ਇਕੱਠਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਲੜਾਈ ਵਿੱਚ ਪਿੱਛੇ ਰਹਿਣ ਵਾਲੀਆਂ ਨਹੀਂ ਹਨ। ਮੋਰਚਾ ਲੰਮਾ ਚੱਲਦਾ ਵੇਖ ਕੇ ਬੀਬੀਆਂ ਨੇ ਪਿੰਡਾਂ ਵਿੱਚ ਇਕਾਈਆਂ ਬਣਾ ਕੇ ਅਹਿਦ ਕਰ ਲਿਆ ਹੈ ਕਿ ਉਹ ਵੱਡੀ ਜ਼ਿੰਮੇਵਾਰੀ ਸੰਭਾਲਣਗੀਆਂ। ਮਹਿਲਾ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਕਾਰਨ ਬਣੇ ਹਾਲਾਤ, ਜਿਸ ‘ਚ ਵਿਸ਼ੇਸ਼ ਕਰਕੇ ਮਹਿੰਗਾਈ, ਰੁਜ਼ਗਾਰ ਵਿਹੂਣਤਾ ਅਤੇ ਸਰਕਾਰੀ ਜਬਰ ਆਦਿ ਹਨ, ਦਾ ਸਭ ਤੋਂ ਵੱਡਾ ਪ੍ਰਭਾਵ ਔਰਤਾਂ ਉੱਤੇ ਹੀ ਪੈ ਰਿਹਾ ਹੈ ਅਤੇ ਅੱਗੇ ਵੀ ਪਵੇਗਾ। ਪਹਿਲਾਂ ਹੀ ਸਮਾਜਿਕ ਪੌੜੀ ਦੇ ਸਭ ਤੋਂ ਹੇਠਲੇ ਡੰਡਿਆਂ ‘ਤੇ ਬੈਠੀਆਂ ਮਹਿਲਾਵਾਂ, ਇਸ ਸੰਕਟ ਤੋਂ ਉਪਜੀਆਂ ਘਰਾਂ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਸਭ ਤੋਂ ਵੱਧ ਹੰਢਾਉਂਦੀਆਂ ਹਨ।

 

RELATED ARTICLES
POPULAR POSTS