ਹਰਪਾਲ ਚੀਮਾ ਬੋਲੇ -ਢੀਂਡਸਾ ਗਰੁੱਪ ਆਮ ਆਦਮੀ ਪਾਰਟੀ ‘ਚ ਹੋ ਸਕਦੈ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਤੇ ਅਕਾਲੀ ਦਲ (ਡੈਮੋਕਰੈਟਿਕ) ਵਿਚਾਲੇ ਗਠਜੋੜ ਬਾਰੇ ਆਈਆਂ ਖ਼ਬਰਾਂ ਸਬੰਧੀ ਸਪੱਸ਼ਟੀਕਰਨ ਦਿੰਦੇ ਹੋਏ ‘ਆਪ’ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਘਵ ਚੱਢਾ ਅਤੇ ਸੁਖਦੇਵ ਸਿੰਘ ਢੀਂਡਸਾ ਵਿਚਾਲੇ ਮੀਟਿੰਗ ਜ਼ਰੂਰ ਹੋਈ ਹੈ। ਇਸ ਮੀਟਿੰਗ ਵਿਚ ਢੀਂਡਸਾ ਗਰੁੱਪ ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਲ ਕਰਨ ਲਈ ਵਿਚਾਰ ਵਟਾਂਦਰੇ ਕੀਤੇ ਗਏ ਹਨ। ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਨਾਲ ਕਿਸੇ ਤਰ੍ਹਾਂ ਦਾ ਗਠਜੋੜ ਨਹੀਂ ਕਰੇਗੀ ਸਗੋਂ ਸੁਖਦੇਵ ਸਿੰਘ ਢੀਂਡਸਾ ਸਣੇ ਸਾਰੇ ਆਗੂ ਜਲਦ ਹੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਹਰਪਾਲ ਚੀਮਾ ਦੇ ਇਸ ਦਾਅਵੇ ਨੂੰ ਕਿ ਟਕਸਾਲੀ ਅਕਾਲੀ ਦਲ ਦੇ ਵੱਡੇ ਆਗੂ ‘ਆਪ’ ਵਿਚ ਸ਼ਾਮਲ ਹੋ ਰਹੇ ਹਨ, ਦੀ ਢੀਂਡਸਾ ਗਰੁੱਪ ਨੇ ਤੁਰੰਤ ਹਵਾ ਕੱਢ ਦਿੱਤੀ ਕਿ ਸਾਡਾ ਮੂਹਰਲੀ ਕਤਾਰ ਦਾ ਕੋਈ ਵੀ ਆਗੂ ‘ਆਪ’ ਵਿਚ ਨਹੀਂ ਹੋ ਰਿਹਾ ਸ਼ਾਮਲ।

