ਭਾਰਤ ਸਰਕਾਰ ਨੇ ਕੈਬਨਿਟ ਮੀਟਿੰਗ ‘ਚ ਲਿਆ ਫੈਸਲਾ
ਨਵੀਂ ਦਿੱਲੀ : ਭਾਰਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਪਹਿਲੀ ਅਪਰੈਲ ਤੋਂ 45 ਸਾਲ ਤੋਂ ਉੱਪਰ ਦੇ ਸਾਰੇ ਵਿਅਕਤੀ ਕੋਵਿਡ- 19 ਰੋਕੂ ਵੈਕਸੀਨ ਲਵਾਉਣ ਦੇ ਯੋਗ ਹੋਣਗੇ। ਸਰਕਾਰ ਨੇ ਇਸ ਉਮਰ ਵਰਗ ਦੇ ਸਾਰੇ ਵਿਅਕਤੀਆਂ ਨੂੰ ਵੈਕਸੀਨ ਲਈ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਹੈ। ਕੈਬਨਿਟ ਮੀਟਿੰਗ ‘ਚ ਲਏ ਫ਼ੈਸਲਿਆਂ ਬਾਰੇ ਪੱਤਰਕਾਰਾਂ ਨੂੰ ਦੱਸਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਹੁਣ ਬਿਨਾਂ ਕਿਸੇ ਬਿਮਾਰੀ ਤੋਂ ਪੀੜਤ 45 ਸਾਲ ਤੋਂ ਉਪਰ ਦੇ ਸਾਰੇ ਵਿਅਕਤੀ ਵੈਕਸੀਨ ਲਵਾ ਸਕਣਗੇ। ਉਨ੍ਹਾਂ ਦੱਸਿਆ ਕਿ ਕੈਬਨਿਟ ਨੇ ਇਹ ਫ਼ੈਸਲਾ ਵੀ ਲਿਆ ਹੈ ਕਿ ਵੈਕਸੀਨ ਦੀ ਦੂਜੀ ਡੋਜ਼ ਡਾਕਟਰਾਂ ਦੀ ਸਲਾਹ ਮੁਤਾਬਕ ਚਾਰ ਤੋਂ ਅੱਠ ਹਫ਼ਤਿਆਂ ਵਿਚਕਾਰ ਲਈ ਜਾ ਸਕੇਗੀ। ਜਾਵੜੇਕਰ ਨੇ ਦੱਸਿਆ ਕਿ ਕੇਂਦਰੀ ਕੈਬਨਿਟ ਨੇ ਟੀਕਾਕਰਨ ਮੁਹਿੰਮ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਅਪੀਲ ਹੈ ਕਿ 45 ਸਾਲ ਤੋਂ ਉੱਪਰ ਦੇ ਸਾਰੇ ਵਿਅਕਤੀ ਜਿੰਨੀ ਜਲਦੀ ਹੋ ਸਕੇ, ਇਹ ਵੈਕਸੀਨ ਲਗਵਾਉਣ ਕਿਉਂਕਿ ਇਹ ਉਨ੍ਹਾਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਲਈ ਰੱਖਿਆ ਪ੍ਰਦਾਨ ਕਰੇਗੀ ਤੇ ਉਹ ਵੈਕਸੀਨ ਲਵਾਉਣ ਲਈ ਰਜਿਸਟੇਸ਼ਨ ਕਰਵਾਉਣ। ਜਾਵੜੇਕਰ ਨੇ ਕਿਹਾ ਕਿ ਵੈਕਸੀਨ ਵੱਡੀ ਮਾਤਰਾ ‘ਚ ਉਪਲੱਬਧ ਹੈ ਅਤੇ ਇਸਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਹਰ ਕੋਈ ਇਸ ਫ਼ੈਸਲੇ ਦਾ ਸੁਆਗਤ ਕਰੇਗਾ ਅਤੇ ਵੈਕਸੀਨ ਲਵਾਉਣ ਲਈ ਅੱਗੇ ਆਏਗਾ। ਕੁਝ ਸੂਬਿਆਂ ਵਿੱਚ ਕੋਵਿਡ- 19 ਕੇਸਾਂ ਦੀ ਗਿਣਤੀ ਵਧਣ ਸਬੰਧੀ ਪੁੱਛੇ ਇੱਕ ਸੁਆਲ ਦੇ ਜੁਆਬ ‘ਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਨਾਲ ਸੰਪਰਕ ‘ਚ ਹੈ ਅਤੇ ਇਸ ਮਸਲੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਮੰਨਿਆ ਕਿ ਸਾਨੂੰ ਉਮੀਦ ਹੈ ਕਿ ਵਾਇਰਸ ਨੂੰ ਫੈਲਣ ਨਹੀਂ ਦਿੱਤਾ ਜਾਵੇਗਾ।
Check Also
ਟਰੇਡ ਯੂਨੀਅਨਾਂ ਦਾ ਦਾਅਵਾ-25 ਕਰੋੜ ਕਰਮਚਾਰੀ ਰਹੇ ਹੜਤਾਲ ’ਤੇ
ਬੈਂਕਾਂ ਅਤੇ ਡਾਕਘਰਾਂ ਦੇ ਕੰਮਕਾਜ ’ਤੇ ਵੀ ਪਿਆ ਅਸਰ ਨਵੀਂ ਦਿੱਲੀ/ਬਿਊਰੋ ਨਿਊਜ਼ ਬੈਂਕ, ਬੀਮਾ, ਡਾਕ …