Breaking News
Home / ਭਾਰਤ / ਦਿੱਲੀ ਦੀਆਂ ਸਰਹੱਦਾਂ ਉਤੇ ‘ਕਿਸਾਨ-ਮਜ਼ਦੂਰ ਏਕਤਾ’ ਜ਼ਿੰਦਾਬਾਦ ਦੇ ਨਾਅਰਿਆਂ ਦੀ ਗੂੰਜ

ਦਿੱਲੀ ਦੀਆਂ ਸਰਹੱਦਾਂ ਉਤੇ ‘ਕਿਸਾਨ-ਮਜ਼ਦੂਰ ਏਕਤਾ’ ਜ਼ਿੰਦਾਬਾਦ ਦੇ ਨਾਅਰਿਆਂ ਦੀ ਗੂੰਜ

ਇਕੱਲੇ ਸਿੰਘੂ ਬਾਰਡਰ ‘ਤੇ ਖੇਤੀ ਕਾਨੂੰਨਾਂ ਦੀਆਂ ਇਕ ਲੱਖ ਤੋਂ ਵੱਧ ਕਾਪੀਆਂ ਸਾੜੀਆਂ : ਕਿਸਾਨ ਆਗੂ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਆਪਣੀ ਮੰਗ ‘ਤੇ ਕਾਇਮ ਤੇ ਪਿਛਲੇ 50 ਦਿਨਾਂ ਤੋਂ ਅਤਿ ਦੀ ਠੰਢ ‘ਚ ਦਿੱਲੀ ਦੀਆਂ ਬਰੂਹਾਂ ‘ਤੇ ਮੋਰਚੇ ਲਾਈ ਬੈਠੇ ਕਿਸਾਨਾਂ ਨੇ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਦਾ ‘ਭੁੱਗਾ’ ਬਾਲ ਕੇ ਲੋਹੜੀ ਦਾ ਤਿਉਹਾਰ ਮਨਾਇਆ। ਲੋਹੜੀ ਦੇ ਰਵਾਇਤੀ ਗੀਤਾਂ ਨੂੰ ਵਿਅੰਗਮਈ ਪਾਣ ਚਾੜ੍ਹ ਕੇ ਖੇਤੀ ਕਾਨੂੰਨਾਂ ਵੀ ਵਾਪਸੀ ਤੱਕ ਇਸੇ ਤਰ੍ਹਾਂ ਸ਼ਾਂਤਮਈ ਅੰਦੋਲਨ ਜਾਰੀ ਰੱਖਣ ਦਾ ਅਹਿਦ ਲਿਆ। ਦਿੱਲੀ ਵਿੱਚ ਚਾਰ ਵੱਖ-ਵੱਖ ਥਾਈਂ ਲਾਏ ਮੋਰਚਿਆਂ ‘ਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਦਿਆਂ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’, ‘ਜੈ ਜਵਾਨ, ਜੈ ਕਿਸਾਨ’, ‘ਸਾਡਾ ਹੱਕ-ਇੱਥੇ ਰੱਖ’ ਦੇ ਨਾਅਰੇ ਲਾਏ ਗਏ। ਯੂਥ ਫਾਰ ਸੁਸਾਇਟੀ ਦੇ ਵਰਕਰਾਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ ‘ਤੇ ਤਨਜ ਕਸਦਿਆਂ ਲੋਹੜੀ ਦੇ ਰਵਾਇਤੀ ਗਾਣੇ ‘ਸੁੰਦਰ-ਮੁੰਦਰੀਏ’ ਨੂੰ ਵਿਅੰਗਮਈ ਤਰੀਕੇ ਨਾਲ ਗਾਇਆ। ਸਿੰਘੂ ਵਿਖੇ ਪ੍ਰੈੱਸ ਕਾਨਫਰੰਸ ਵਾਲੀ ਥਾਂ ਉਪਰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਖੇਤੀ ਕਾਨੂੰਨਾਂ ਨੂੰ ਧੂਣੀ ਵਿੱਚ ਸਾੜਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਸਿੰਘੂ ਵਿਖੇ ਰਾਤ ਸਮੇਂ ਟਰਾਲੀਆਂ ਨੇੜੇ ਕਿਸਾਨਾਂ ਨੇ ਲੋਹੜੀ ਦੀਆਂ ਧੂਣੀਆਂ ਬਾਲੀਆਂ ਤੇ ਨਾਲ ਹੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਕਿਸਾਨ ਯੂਨੀਅਨ ਕ੍ਰਾਂਤੀਕਾਰੀ (ਪੰਜਾਬ) ਦੇ ਪ੍ਰਧਾਨ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਦੇਰ ਰਾਤ ਤੱਕ ਲੋਕ ਧੂਣੀਆਂ ਕੋਲ ਬੈਠੇ ਕਿਸਾਨ ਅੰਦੋਲਨ ਦੀ ਚਰਚਾ ਕਰਦੇ ਰਹੇ। ਹੋਰ ਬਾਰਡਰਾਂ ਉਪਰ ਵੀ ਕਿਸਾਨਾਂ ਨੇ ਇਸੇ ਤਰ੍ਹਾਂ ਲੋਹੜੀ ਮਨਾਈ।
ਸੰਯੁਕਤ ਕਿਸਾਨ ਮੋਰਚਾ ਦੇ ਪਰਮਜੀਤ ਸਿੰਘ ਨੇ ਦੱਸਿਆ ਕਿ ਇਕੱਲੇ ਸਿੰਘੂ ਬਾਰਡਰ ‘ਤੇ ਤਿੰਨ ਖੇਤੀ ਕਾਨੂੰਨਾਂ ਦੀਆਂ ਇਕ ਲੱਖ ਕਾਪੀਆਂ ਸਾੜੀਆਂ ਗਈਆਂ। ਕਿਸਾਨਾਂ ਨੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਤੱਕ ਸੰਘਰਸ਼ ਨੂੰ ਪੂਰੀ ਤਾਕਤ ਨਾਲ ਅੱਗੇ ਵਧਾਉਣ ਦਾ ਅਹਿਦ ਲਿਆ। ਕਾਬਿਲੇਗੌਰ ਹੈ ਕਿ ਪੰਜਾਬ ਤੇ ਹਰਿਆਣਾ ‘ਚ ਲੋਹੜੀ ਦਾ ਤਿਉਹਾਰ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ ਤੇ ਦੋਵਾਂ ਰਾਜਾਂ ਦੇ ਲੋਕ ਰਵਾਇਤੀ ਤੌਰ ‘ਤੇ ਲੱਕੜਾਂ/ਪਾਥੀਆਂ ਦਾ ਭੁੱਗਾ ਬਾਲ ਕੇ ਲੋਕ ਗੀਤਾਂ ਨਾਲ ਇਸ ਤਿਉਹਾਰ ਨੂੰ ਮਨਾਉਂਦੇ ਹਨ।
ਹਰਿਆਣਾ ਦੇ ਕਰਨਾਲ ਜ਼ਿਲ੍ਹੇ ਤੋਂ ਗੁਰਪ੍ਰੀਤ ਸਿੰਘ ਸੰਧੂ ਨੇ ਕਿਹਾ, ‘ਤਿਉਹਾਰਾਂ ਦੇ ਜਸ਼ਨ ਉਡੀਕ ਕਰ ਸਕਦੇ ਹਨ। ਕੇਂਦਰ ਨੇ ਜਿਸ ਦਿਨ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਸਾਡੀ ਮੰਗ ਮੰਨ ਲਈ ਅਸੀਂ ਉਸੇ ਦਿਨ ਇਹ ਸਾਰੇ ਤਿਉਹਾਰ ਮਨਾਵਾਂਗੇ।’ ਕਿਸਾਨ ਅੰਦੋਲਨ ਦਾ ਪ੍ਰਮੁੱਖ ਕੇਂਦਰ ਦਿੱਲੀ ਹਰਿਆਣਾ ਸਰਹੱਦ ‘ਤੇ ਕਈ ਥਾਈਂ ਭੁੱਗੇ ਬਾਲੇ ਗਏ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਤੇ ਸੰਘਰਸ਼ੀ ਗੀਤ ਗਾਉਂਦਿਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਤੇ ਆਪਣੇ ਅੰਦੋਲਨ ਦੀ ਸਫ਼ਲਤਾ ਲਈ ਅਰਦਾਸ ਕੀਤੀ। ਪੰਜਾਬ ਦੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਇਕ ਹੋਰ ਕਿਸਾਨ ਰਾਜਬੀਰ ਸਿੰਘ ਨੇ ਕਿਹਾ, ‘ਇਸ ਵਾਰ ਦੀ ਲੋਹੜੀ ਸੰਘਰਸ਼ਾਂ ਨਾਲ ਭਰੀ ਹੈ। ਐਤਕੀਂ ਇਸ ਵਿੱਚੋਂ ਸਾਡਾ ਹਾਸਾ ਠੱਠਾ, ਗੀਤ ਤੇ ਨਾਚ ਮਨਫ਼ੀ ਹੈ, ਜੋ ਅਕਸਰ ਸਾਡੇ ਘਰਾਂ ‘ਚ ਲੋਹੜੀ ਮੌਕੇ ਵੇਖਣ ਨੂੰ ਮਿਲਦਾ ਹੈ। ਪਰ ਐਤਕੀਂ ਮੈਨੂੰ ਆਪਣੇ ਕਿਸਾਨ ਭਰਾਵਾਂ ਤੇ ਪਰਿਵਾਰਾਂ ਨਾਲ ਤਿਉਹਾਰ ਮਨਾਉਣ ਦੀ ਖ਼ੁਸ਼ੀ ਹੈ। ਅੱਜ ਅਸੀਂ (ਕਾਨੂੰਨ ਦੀਆਂ) ਕਾਪੀਆਂ ਸਾੜੀਆਂ ਹਨ, ਭਲਕੇ ਕੇਂਦਰ ਇਨ੍ਹਾਂ ਨੂੰ ਸਾੜੇਗਾ। ਉਨ੍ਹਾਂ ਨੂੰ ਅਜਿਹਾ ਕਰਨਾ ਹੋਵੇਗਾ ਤੇ ਅਸੀਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕਰਾਂਗੇ।’ ਇਸ ਦੌਰਾਨ ਸਵਰਾਜ ਅਭਿਆਨ ਦੇ ਆਗੂ ਯੋਗੇਂਦਰ ਯਾਦਵ, ਬੀਕੇਯੂ ਹਰਿਆਣਾ ਦੇ ਗੁਰਨਾਮ ਸਿੰਘ ਚੜੂਨੀ ਤੇ ਹੋਰਨਾਂ ਨੇ ਖੇਤੀ ਕਾਨੂੰਨਾਂ ਦੀ ਕਾਪੀਆਂ ਭੁੱਗੇ ‘ਚ ਸਾੜੀਆਂ। ਇਹ ਕਾਪੀਆਂ ਕਿਸਾਨ ਅੰਦੋਲਨ ਦਫ਼ਤਰ ‘ਚੋਂ ਤਿਆਰ ਕੀਤੀਆਂ ਗਈਆਂ ਸਨ।
ਇਸ ਤੋਂ ਪਹਿਲਾਂ ਮੁੱਖ ਮੰਚ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਰਾਹੀਂ ਕਿਸਾਨਾਂ ਨੂੰ ਮੋਰਚਿਆਂ ਵਿੱਚੋਂ ਹਟਾਉਣਾ ਚਾਹਿਆ, ਪਰ ਅਦਾਲਤ ਨੇ ਕਿਸਾਨਾਂ ਨੂੰ ਰੋਕਣ ਤੋਂ ਮਨ੍ਹਾਂ ਕਰ ਦਿੱਤਾ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਵਿੱਚ 8 ਕਿਸਾਨ ਯੂਨੀਅਨ ਆਗੂਆਂ ਨੂੰ ਧਿਰ ਬਣਾ ਦਿੱਤਾ ਗਿਆ। ਕਰੀਬ 20 ਹੋਰ ਪਟੀਸ਼ਨਾਂ ਪਾਈਆਂ ਹੋਈਆਂ ਹਨ, ਜਿਨ੍ਹਾਂ ਲਈ ਮਹਿੰਗੇ ਵਕੀਲ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸੁਪਰੀਮ ਕੋਰਟ ਦੀ ਕਮੇਟੀ ਮਨਜ਼ੂਰ ਨਹੀਂ ਤੇ ਅਜੇ ਤੱਕ ਅਦਾਲਤੀ ਨੋਟਿਸ ਦੀ ਕਾਪੀ ਕਿਸਾਨ ਆਗੂਆਂ ਨੂੰ ਨਹੀਂ ਮਿਲੀ। ਪਰਮਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਆਰਐੱਸਐੱਸ ਵੱਲੋਂ ਕਈ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਿਸ ਲਈ ਕਿਸਾਨ ਤੇ ਮਜ਼ਦੂਰ ਚੌਕਸ ਰਹਿਣ। ਕਿਸਾਨ ਆਗੂ ਮਹਿੰਦਰ ਸਿੰਘ ਢੇਸੀ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਨਾਲ-ਨਾਲ ਹੋਰ ਵਰਗਾਂ ਲਈ ਵੀ ਘਾਤਕ ਹਨ। ਰਮਿੰਦਰ ਸਿੰਘ ਨੇ ਨੌਜਵਾਨਾਂ ਨੂੰ ਜੋਸ਼ ਨਾਲ ਹੋਸ਼ ਨਾਲ ਇਸਤੇਮਾਲ ਕਰਨ ਦੀ ਅਪੀਲ ਕੀਤੀ। ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਸ਼ਾਂਤਮਈ ਬਾਈਕਾਟ ਨੂੰ ਹੋਰ ਸੂਬਿਆਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਕਿਸਾਨ ਸੰਯੁਕਤ ਮੋਰਚੇ ਦੇ ਸੱਦੇ ‘ਤੇ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਸਿੰਘੂ ਅਤੇ ਟਿਕਰੀ ਬਾਰਡਰਾਂ ‘ਤੇ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਪੰਜਾਬ ਦੇ ਨਾਇਕ ਦੁੱਲਾ ਭੱਟੀ, ਜਿਸ ਨੇ ਆਪਣੇ ਸਮੇਂ ਦੇ ਹਾਕਮਾਂ ਵੱਲੋਂ ਜਬਰੀ ਮਾਲੀਆ ਉਗਰਾਹੀ ਵਿਰੁੱਧ ਬਗਾਵਤ ਦਾ ਝੰਡਾ ਉਠਾਇਆ ਸੀ ਅਤੇ ਜਾਬਰਾਂ ਨੇ ਤਸੀਹੇ ਦੇ ਕੇ ਮਾਰ ਦਿੱਤਾ ਸੀ, ਨੂੰ ਚੇਤੇ ਕੀਤਾ। ਉਨ੍ਹਾਂ ਕੇਂਦਰ ਦੀ ਬੀਜੇਪੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ‘ਤੇ ਕਾਲੇ ਖੇਤੀ ਕਾਨੂੰਨ ਜਬਰੀ ਲਾਗੂ ਕਰਕੇ, ਉਨ੍ਹਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਹਵਾਲੇ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੁੱਲਾ ਭੱਟੀ ਦੇ ਵਾਰਸ ਪੋਹ ਦੀ ਠੰਢ ਵਿਚ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸੜਕਾਂ ‘ਤੇ ਡਟੇ ਹੋਏ ਹਨ। ਕਿਸਾਨ ਅੰਦੋਲਨ ਨੂੰ ਜਨ ਅੰਦੋਲਨ ਦੱਸਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਦਰਸ਼ਨ ਨਾਹਰ ਅਤੇ ਜਨਰਲ ਸਕੱਤਰ ਗੁਰਨਾਮ ਸਿੰਘ ਨੇ ਕਿਹਾ ਕਿ ਇਹ ਅੰਦੋਲਨ ਲਗਾਤਾਰ ਆਪਣੀ ਜਿੱਤ ਵੱਲ ਵੱਧ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਲੋਕ ਜਿੱਤ ਪ੍ਰਾਪਤ ਕਰਕੇ ਹੀ ਆਪਣੇ ਘਰਾਂ ਨੂੰ ਪਰਤਣਗੇ।
ਖੇਤੀ ਕਾਨੂੰਨ ਰੱਦ ਕਰਨ ਤੋਂ ਬਗੈਰ ਕੁਝ ਪ੍ਰਵਾਨ ਨਹੀਂ : ਸੰਯੁਕਤ ਕਿਸਾਨ ਮੋਰਚਾ
ਨਵੀਂ ਦਿੱਲੀ:ਸੰਯੁਕਤ ਕਿਸਾਨ ਮੋਰਚੇ ਨੇ ਸਿੰਘੂ ਸਰਹੱਦ ‘ਤੇ ਬੈਠਕ ਕੀਤੀ, ਜਿਸ ਵਿੱਚ ਪੰਜਾਬ ਦੀਆਂ 32 ਕਿਸਾਨ ਯੂਨੀਅਨਾਂ ਦੇ ਆਗੂਆਂ ਤੇ ਮੋਰਚੇ ਦੇ ਆਗੂ ਯੋਗੇਂਦਰ ਯਾਦਵ, ਡਾ. ਦਰਸ਼ਨ ਪਾਲ, ਜਗਮੋਹਨ ਸਿੰਘ, ਰੁਲਦੂ ਸਿੰਘ ਮਾਨਸਾ, ਹਰਜੀਤ ਰਵੀ ਤੇ ਮੇਧਾ ਪਾਟੇਕਰ ਸਮੇਤ ਹੋਰ ਆਗੂ ਸ਼ਾਮਲ ਹੋਏ। ਮੀਟਿੰਗ ਵਿੱਚ ਸੁਪਰੀਮ ਕੋਰਟ ਵੱਲੋਂ ਲੰਘੇ ਦਿਨ ਅਗਲੇ ਹੁਕਮਾਂ ਤੱਕ ਖੇਤੀ ਕਾਨੂੰਨਾਂ ਦੇ ਅਮਲ ‘ਤੇ ਰੋਕ ਤੇ ਚਾਰ ਮੈਂਬਰੀ ਕਮੇਟੀ ਗਠਿਤ ਕਰਨ ਮਗਰੋਂ ਬਣੇ ਹਾਲਾਤ ‘ਤੇ ਨਜ਼ਰਸਾਨੀ ਕਰਦਿਆਂ ਭਵਿੱਖੀ ਰਣਨੀਤੀ ‘ਤੇ ਵਿਚਾਰ ਚਰਚਾ ਕੀਤੀ ਗਈ। ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਕੌਮੀ ਪੱਧਰ ‘ਤੇ ਵਿਰੋਧ ਹੋ ਰਿਹਾ ਹੈ। ਆਗੂਆਂ ਨੇ ਸਾਫ਼ ਕਰ ਦਿੱਤਾ ਕਿ ਉਹ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਤੇ ਐੱਮਐੱਸਪੀ ਦੀ ਲਿਖਤੀ/ਕਾਨੂੰਨੀ ਗਾਰੰਟੀ ਦੀ ਆਪਣੀ ਮੰਗ ‘ਤੇ ਕਾਇਮ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਇਨ੍ਹਾਂ ਮੰਗਾਂ ਤੋਂ ਬਿਨਾਂ ਆਪਣਾ ਅੰਦੋਲਨ ਵਾਪਸ ਨਹੀਂ ਲੈਣਗੇ।

Check Also

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਪਤੰਜਲੀ ਨੇ 67 ਅਖਬਾਰਾਂ ’ਚ ਛਪਵਾਇਆ ਮੁਆਫ਼ੀਨਾਮਾ

ਕੋਰਟ ਨੇ ਅਖ਼ਬਾਰਾਂ ਦੀ ਕਟਿੰਗ ਮੰਗੀ, ਮਾਮਲੇ ਦੀ ਅਗਲੀ ਸੁਣਵਾਈ 30 ਅਪ੍ਰੈਲ ਨੂੰ ਨਵੀਂ ਦਿੱਲੀ/ਬਿਊਰੋ …