ਬਜਟ ਸੈਸ਼ਨ ਜਨਵਰੀ ਵਿੱਚ ਹੋਵੇਗਾ
ਨਵੀਂ ਦਿੱਲੀ : ਕਰੋਨਾ ਮਹਾਮਾਰੀ ਕਾਰਨ ਭਾਰਤ ਸਰਕਾਰ ਨੇ ਇਸ ਵਾਰ ਸੰਸਦ ਦਾ ਸਰਦ ਰੁੱਤ ਇਜਲਾਸ ਨਾ ਸੱਦਣ ਦਾ ਫ਼ੈਸਲਾ ਕੀਤਾ ਹੈ। ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਵਲੋਂ ਸਾਰੇ ਵਿਰੋਧੀ ਦਲਾਂ ਨੂੰ ਇਕ ਖ਼ਤ ਲਿਖ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਕਈ ਦਲਾਂ ਦੇ ਆਗੂਆਂ ਨਾਲ ਚਰਚਾ ਤੋਂ ਬਾਅਦ ਆਮ ਰਾਏ ਬਣੀ ਕਿ ਇਜਲਾਸ ਨਹੀਂ ਸੱਦਿਆ ਜਾਣਾ ਚਾਹੀਦਾ ਹੈ। ਉੱਥੇ ਹੀ ਦੂਜੇ ਪਾਸੇ ਹਾਲ ਹੀ ਵਿਚ ਕਾਂਗਰਸ ਵਲੋਂ ਕਿਸਾਨਾਂ ਦੇ ਮੁੱਦੇ ‘ਤੇ ਚਰਚਾ ਕਰਨ ਲਈ ਸੰਸਦ ਦਾ ਇਜਲਾਸ ਸੱਦਣ ਦੀ ਮੰਗ ਕੀਤੀ ਗਈ ਸੀ। ਕਾਂਗਰਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦਲ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਇਜਲਾਸ ਸੱਦਣ ਦੀ ਮੰਗ ਕਰ ਰਹੇ ਸਨ। ਦੱਸਿਆ ਗਿਆ ਹੈ ਕਿ ਸੰਸਦ ਦਾ ਬਜਟ ਇਜਲਾਸ ਜਨਵਰੀ 2021 ਵਿਚ ਸੱਦਿਆ ਜਾਵੇਗਾ। ਜ਼ਿਕਰਯੋਗ ਹੈ ਕਿ ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੂੰ ਲਿਖੇ ਪੱਤਰ ਵਿਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਮਹਾਮਾਰੀ ਨੂੰ ਰੋਕਣ ਲਈ ਸਰਦੀਆਂ ਦਾ ਮਹੀਨਾ ਬਹੁਤ ਅਹਿਮ ਹੈ ਕਿਉਂਕਿ ਇਸ ਸਮੇਂ ਦੌਰਾਨ ਅਚਾਨਕ ਹੀ ਕੇਸਾਂ ਵਿਚ ਵਾਧਾ ਹੋਇਆ ਹੈ। ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਮਹਾਮਾਰੀ ਦੌਰਾਨ ਆਪਣੀ ਚਿੰਤਾ ਜ਼ਾਹਰ ਕਰਦਿਆਂ ਸਰਦ ਰੁੱਤ ਇਜਲਾਸ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਸੰਸਦੀ ਲੋਕਤੰਤਰ ਨੂੰ ਢਾਹ ਲਾਉਣ ਦਾ ਕੰਮ ਮੁਕੰਮਲ : ਕਾਂਗਰਸ
ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਸਰਕਾਰ ਵੱਲੋਂ ਸੰਸਦੀ ਲੋਕਤੰਤਰ ਨੂੰ ਢਾਹ ਲਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ। ਪਾਰਟੀ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਇਹ ਦਾਅਵਾ ਵੀ ਕੀਤਾ ਕਿ ਸਰਕਾਰ ਨੇ ਇਸ ਫ਼ੈਸਲੇ ਨੂੰ ਲੈ ਕੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨਾਲ ਵਿਚਾਰ-ਵਟਾਂਦਰਾ ਨਹੀਂ ਕੀਤਾ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ ਕਿ ਕਰੋਨਾ ਕਾਲ ਵਿਚ ਨੀਟ/ਜੇਈਈ ਅਤੇ ਯੂਪੀਐੱਸਸੀ ਦੀਆਂ ਪ੍ਰੀਖਿਆਵਾਂ ਸੰਭਵ ਹਨ, ਸਕੂਲਾਂ ਵਿਚ ਜਮਾਤਾਂ, ਯੂਨੀਵਰਸਿਟੀਆਂ ਵਿਚ ਪ੍ਰੀਖਿਆਵਾਂ, ਬਿਹਾਰ- ਬੰਗਾਲ ‘ਚ ਚੋਣ ਰੈਲੀਆਂ ਸੰਭਵ ਹਨ ਤਾਂ ਸੰਸਦ ਦਾ ਸਰਦ ਰੁੱਤ ਇਜਲਾਸ ਕਿਉਂ ਨਹੀਂ?
ਕਿਸਾਨਾਂ ਦੇ ਸਵਾਲਾਂ ਤੋਂ ਭੱਜੀ ਕੇਂਦਰ ਸਰਕਾਰ : ਭਗਵੰਤ ਮਾਨ
ਚੰਡੀਗੜ੍ਹ : ‘ਆਪ’ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸਰਦ ਰੁੱਤ ਸੈਸ਼ਨ ਨਾ ਸੱਦਣ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਸਲ ਵਿਚ ਮੋਦੀ ਸਰਕਾਰ ਖੇਤੀ ਕਾਨੂੰਨਾਂ ਬਾਰੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੀ ਹੈ। ਮਾਨ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਅੰਦੋਲਨ ਦੇ ਚੱਲਦਿਆਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਦਬਾਅ ਤੋਂ ਡਰਦੇ ਹੋਏ ਚਰਚਾ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਕਿਹਾ ਕਿ ਜਦੋਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਸਰਕਾਰ ਨੇ ਸੰਸਦ ਵਿਚ ਜ਼ਬਰਦਸਤੀ ਕਾਨੂੰਨ ਪਾਸ ਕਰਨੇ ਸਨ ਤਾਂ ਕਰੋਨਾ ਸਮੇਂ ਵੀ ਸੈਸ਼ਨ ਬੁਲਾ ਲਿਆ ਪਰ ਜਦੋਂ ਕਿਸਾਨ ਆਪਣੀ ਹੋਂਦ ਬਚਾਉਣ ਲਈ ਅੰਦੋਲਨ ਕਰ ਰਹੇ ਹਨ ਤਾਂ ਸਰਕਾਰ ਨੇ ਹੱਥ ਖੜ੍ਹੇ ਕਰ ਦਿੱਤੇ ਹਨ।
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …